ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਮਾਰਚ
ਪੁਲੀਸ ਨੇ ਬੀਤੇ ਦਿਨੀਂ ਸਥਾਨਕ ਚੌਕ ਫ਼ਰੀਦ ਦੇ ਇੱਕ ਘਰ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਸਾਹਿਲ ਕਪੂਰ ਉਰਫ਼ ਲਵਿਸ਼ ਅਤੇ ਇਕਬਾਲ ਸਿੰਘ ਉਰਫ਼ ਆਸ਼ੂ ਵਜੋਂ ਹੋਈ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਚੋਰੀ ਕੀਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਹਨ।
ਪੁਲੀਸ ਦੇ ਏਡੀਸੀਪੀ ਹਰਜੀਤ ਸਿੰਘ ਅਤੇ ਸਹਾਇਕ ਕਮਿਸ਼ਨਰ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਥਾਣਾ ਈ ਡਿਵੀਜ਼ਨ ਵਿੱਚ ਇਸ ਸਬੰਧੀ ਆਈਪੀਸੀ ਦੀ ਧਾਰਾ 380 ਹੇਠ ਕੇਸ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਦੌਰਾਨ ਇੰਸਪੈਕਟਰ ਗੁਰਮੀਤ ਸਿੰਘ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਚੋਰੀ ਦਾ ਮਾਮਲਾ ਹੱਲ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਚੋਰੀ ਸਬੰਧੀ ਅਨੁਪਮ ਗੁਪਤਾ ਨੇ ਅੱਠ ਮਾਰਚ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਨੇ ਜਾਂਚ ਮਗਰੋਂ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।