ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 22 ਜੂਨ
ਪੁਲੀਸ ਦੇ ਟਰੈਫਿਕ ਵਿੰਗ ਨੇ ਅੱਜ ਸ਼ਹਿਰ ਵਿੱਚ ਸੜਕਾਂ ਅਤੇ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ। ਪੁਲੀਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਟਰੈਫਿਕ ਦੇ ਚਾਰੇ ਜ਼ੋਨਾਂ ਦੇ ਇੰਚਾਰਜ਼ਾਂ ਅਤੇ ਟਰੈਫਿਕ ਸਟਾਫ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਵੱਲੋਂ ਆਪਣੇ-ਆਪਣੇ ਇਲਾਕੇ ਸ਼ਹੀਦਾਂ ਸਾਹਿਬ, ਭਰਾਵਾਂ ਦੇ ਢਾਬੇ ਤੋਂ ਸਿਕੰਦਰੀ ਗੇਟ ਤੱਕ, ਛੇਹਰਟਾ ਚੌਕ ਤੇ ਛੇਹਰਟਾ ਬਾਜ਼ਾਰ ਅਤੇ ਰਤਨ ਸਿੰਘ ਚੌਕ ਤੋਂ ਫਤਿਹਗੜ੍ਹ ਚੂੜ੍ਹੀਆਂ ਬਾਈਪਾਸ ਤੱਕ ਸੜਕਾਂ ਅਤੇ ਫੁੱਟਪਾਥਾਂ ’ਤੇ ਦੁਕਾਨਦਾਰਾਂ ਅਤੇ ਰੇਹੜੀਆਂ-ਫੜੀਆਂ ਵਾਲਿਆਂ ਵੱਲੋਂ ਕੀਤੇ ਗਏ ਕਬਜ਼ੇ ਹਟਾਏ ਗਏ। ਉਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਰੇਹੜ੍ਹੀਆਂ/ਫੜ੍ਹੀਆਂ ਨਾ ਲੱਗਣ ਦੇਣ ਅਤੇ ਟਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।