ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਫਰਵਰੀ
ਇਸ ਵੇਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਚਾਲੇ ਚੋਣ ਜੰਗ ਦਾ ਅਖਾੜਾ ਬਣੇ ਵਿਧਾਨ ਸਭਾ ਹਲਕਾ ਪੂਰਬੀ ਵਿਚ ਅੱਜ ਕਾਂਗਰਸ ਦੇ ਖੇਮੇ ’ਚ ਉਸ ਵੇਲੇ ਵੱਡੀ ਸੰਨ ਲੱਗੀ ਜਦੋਂ ਤਿੰਨ ਮੌਜੂਦਾ ਕਾਂਗਰਸੀ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਕਾਂਗਰਸੀ ਕੌਂਸਲਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੀ ਆਇਆਂ ਕਿਹਾ।
ਇਸ ਦੌਰਾਨ ਸ੍ਰੀ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਆਈ ਤਾਂ ਸ਼ਹਿਰ ਦੇ ਪੁਰਾਤਨ ਚਾਰ ਦੀਵਾਰੀ ਵਾਲੇ ਸ਼ਹਿਰ ਨੂੰ ਹੈਰੀਟੇਜ ਸਟਰੀਟ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ। ਅੱਜ ਸ਼ਾਮ ਵੇਰਕਾ ਕਸਬੇ ਵਿਚ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਕੀਤੇ ਇਕ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਲ ਸੁਖਬੀਰ ਸਿੰਘ ਬਾਦਲ ਵੀ ਇੱਥੇ ਪੁੱਜੇ ਸਨ। ਇਸ ਮੌਕੇ ਸਮਾਗਮ ਵਿਚ ਕਾਂਗਰਸ ਦੇ ਤਿੰਨ ਕੌਂਸਲਰ ਨਵਜੋਤ ਸਿੰਘ ਸਿੱਧੂ ਦੇ ਖੇਮੇ ਨੂੰ ਛੱਡ ਕੇ ਅਕਾਲੀ ਦਲ ਵਿਚ ਬਿਕਰਮ ਸਿੰਘ ਮਜੀਠੀਆ ਨਾਲ ਆ ਖੜ੍ਹੇ। ਇਨ੍ਹਾਂ ਕੌਂਸਲਰਾਂ ਵਿਚ ਰਾਜੇਸ਼ ਮਦਾਨ, ਰਾਜਿੰਦਰ ਸੈਣੀ ਤੇ ਲੱਡੂ ਪਹਿਲਵਾਨ ਸ਼ਾਮਲ ਹਨ। ਇਨਾਂ ਤੋਂ ਇਲਾਵਾ ਸਾਬਕਾ ਬਲਾਕ ਸਮਿਤੀ ਮੈਂਬਰ ਬਲਵਿੰਦਰਪਾਲ ਸ਼ਰਮਾ, ਸਾਬਕਾ ਕੌਂਸਲਰ ਰਛਪਾਲ ਕੌਰ ਬਾਜਵਾ ਤੇ ਜਗਤਾਰ ਸਿੰਘ ਵੇਰਕਾ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਨਵਜੋਤ ਸਿੰਘ ਸਿੱਧੂ ਨੇ ਹਲਕੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਇਹ ਹਲਕਾ ਪੰਜ ਸਾਲ ਅਣਗੌਲਿਆਂ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਨਗਰ ਨੂੰ ਤਬਦੀਲ ਕੀਤਾ ਜਾਵੇਗਾ ਅਤੇ ਇੱਥੇ ਵਪਾਰ ਮੁੜ ਸਥਾਪਤ ਕੀਤਾ ਜਾਵੇਗਾ। ਸਬਜੀ ਮੰਡੀ ਤੇ ਫੋਕਲ ਪੁਆਇੰਟ ਮੁੜ ਬਣਾਏ ਜਾਣਗੇ ਅਤੇ ਸੰਵਾਰੇ ਜਾਣਗੇ। ਉਨ੍ਹਾਂ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠੇ ਤੇ ਬੇਬੁਨਿਆਦ ਦੋਸ਼ ਲਗਾਏ ਗਏ ਹਨ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਛੱਡ ਕੇ ਆਏ ਕੌਂਸਲਰਾਂ ਤੇ ਹੋਰਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਬਣਦਾ ਮਾਣ ਦੇਣ ਦਾ ਐਲਾਨ ਕੀਤਾ।