ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਅਕਤੂਬਰ
ਇਥੇ ਕਮਿਸ਼ਨਰੇਟ ਦੀ ਪੁਲੀਸ ਨੇ ਬੀਤੇ ਦਿਨੀਂ ਰਣਜੀਤ ਐਵੀਨਿਊ ਇਲਾਕੇ ਵਿੱਚੋਂ ਪਿਸਤੌਲ ਦਿਖਾ ਕੇ ਕਾਰ ਖੋਹਣ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਤਿੰਨ ਕਾਰਾਂ ਵੀ ਬਰਾਮਦ ਹੋਈਆਂ ਹਨ।
ਇਸ ਸਬੰਧ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਰਣਜੀਤ ਐਵੀਨਿਊ ਵਿੱਚੋਂ ਕਾਰ ਖੋਹਣ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖਤ ਲਖਵਿੰਦਰ ਸਿੰਘ ਉਰਫ ਗੋਲਡੀ ਵਾਸੀ ਪਿੰਡ ਰਾਮਪੁਰ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਤਲਵੰਡੀ ਅਤੇ ਕੈਪਟਨ ਸਿੰਘ ਉਰਫ ਕਾਲਾ ਵਾਸੀ ਪਿੰਡ ਤਲਵੰਡੀ ਡੋਗਰਾਂ ਵਜੋਂ ਹੋਈ ਹੈ। ਪੁਲੀਸ ਨੇ ਪੁੱਛਗਿੱਛ ਦੌਰਾਨ ਇਨ੍ਹਾਂ ਕੋਲੋਂ ਤਿੰਨ ਕਾਰਾਂ ਬਰਾਮਦ ਕੀਤੀਆਂ ਹਨ ਜੋ ਇਨ੍ਹਾਂ ਨੇ ਵੱਖ ਵੱਖ ਥਾਵਾਂ ਤੋਂ ਖੋਹੀਆਂ ਸਨ। ਇਨ੍ਹਾਂ ਵਿੱਚ ਇਕ ਬੋਲੈਨੋ ਕਾਰ, ਸਵਿਫਟ ਅਤੇ ਬੀਟ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਰਣਜੀਤ ਐਵੀਨਿਊ ਇਲਾਕੇ ਵਿੱਚ 13 ਅਕਤੂਬਰ ਨੂੰ ਸ਼ਾਮ ਵੇਲੇ ਬੋਨੀ ਨਾਂ ਦੇ ਵਿਅਕਤੀ ਕੋਲੋਂ ਕਾਰ ਖੋਹੀ ਗਈ ਸੀ। ਇਹ ਵਿਅਕਤੀ ਡਰਾਈਵਰ ਵਜੋਂ ਕੰਮ ਕਰਦਾ ਹੈ। ਉਹ ਜਦੋਂ ਬੱਚਿਆਂ ਨੂੰ ਟਿਊਸ਼ਨ ਲਈ ਛੱਡ ਕੇ ਆ ਰਿਹਾ ਸੀ ਤਾਂ ਰਣਜੀਤ ਐਵੀਨਿਊ ਦੇ ਬੀ ਬਲਾਕ ਇਲਾਕੇ ਵਿੱਚ ਕਿਸੇ ਕੰਮ ਲਈ ਰੁਕਿਆ। ਇਸ ਦੌਰਾਨ ਇਕ ਵਿਅਕਤੀ ਉਸ ਕੋਲ ਆਇਆ ਜਿਸ ਕੋਲ ਪਿਸਤੌਲ ਸੀ। ਉਸ ਦੇ ਇੱਕ ਹੋਰ ਸਾਥੀ ਨੇ ਪਿਸਤੌਲ ਦਿਖਾ ਕੇ ਬੋਲੈਨੋ ਕਾਰ ਖੋਹ ਲਈ ਤੇ ਫਰਾਰ ਹੋ ਗਏ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਤੇ ਏਸੀਪੀ ਵਰਿੰਦਰ ਸਿੰਘ ਖੋਸਾ ਦੀ ਨਿਗਰਾਨੀ ਹੇਠ ਜਾਂਚ ਸ਼ੁਰੂ ਕੀਤੀ ਸੀ। ਜਿਨ੍ਹਾਂ ਨੇ ਥਾਣਾ ਰਣਜੀਤ ਐਵੀਨਿਊ ਦੇ ਮੁਖੀ ਇੰਸਪੈਕਟਰ ਜਸਪਾਲ ਸਿੰਘ ਦੀ ਟੀਮ ਸਮੇਤ ਜਾਂਚ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ।
ਕਾਰ ਵਿੱਚੋਂ 37 ਲੱਖ ਰੁਪਏ ਮਿਲੇ
ਇਕ ਹੋਰ ਮਾਮਲੇ ਬਾਰੇ ਉਨ੍ਹਾਂ ਦੱਸਿਆ ਕਿ ਐਂਟੀ ਗੈਂਗਸਟਰ ਟੀਮ ਵੱਲੋਂ ਰਾਤ ਵੇਲੇ ਜਾਂਚ ਦੌਰਾਨ ਇਕ ਕਾਰ ਵਿੱਚੋਂ 37 ਲੱਖ ਰੁਪਏ ਮਿਲੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਦਰਮਿਆਨੀ ਰਾਤ ਨੂੰ ਏਸੀਪੀ ਮਨਿੰਦਰ ਸਿੰਘ ਦੀ ਨਿਗਰਾਨੀ ਹੇਠ ਟੀਮ ਨੂੰ ਰਣਜੀਤ ਐਵੇਨਿਊ ਦੀ ਦਸਹਿਰਾ ਗਰਾਊਂਡ ਨੇੜੇ ਇਕ ਸ਼ੱਕੀ ਕਾਰ ਮਿਲੀ ਸੀ। ਜਿਸ ਦੀ ਜਾਂਚ ਦੌਰਾਨ ਕਾਰ ਵਿੱਚੋਂ ਬੈਗ ਮਿਲਿਆ ਤੇ ਉਸ ਵਿੱਚੋਂ 37 ਲੱਖ ਰੁਪਏ ਦੀ ਨਕਦੀ ਮਿਲੀ। ਇਸ ਵੱਡੀ ਨਕਦੀ ਬਾਰੇ ਕਾਰ ਸਵਾਰ ਵਿਅਕਤੀ ਸ਼ਿਵਾ ਮਦਾਨ ਤੇ ਪਾਰਸ ਮਦਾਨ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੋਨੇ ਦੇ ਵਪਾਰੀ ਹਨ ਤੇ ਇਹ ਨਕਦੀ ਸੋਨਾ ਲੈਣ ਵਾਸਤੇ ਲੈ ਕੇ ਆਏ ਸਨ।