ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਨਵੰਬਰ
ਹਾਲ ਬਾਜ਼ਾਰ ’ਚ ਇਕ ਇਲੈਕਟ੍ਰਾਨਿਕ ਸਾਮਾਨ ਦੀ ਦੁਕਾਨ ਨੂੰ ਲੱਗੀ ਅੱਗ ਦੌਰਾਨ ਦੁਕਾਨ ਵਿੱਚੋਂ ਦੋ ਲੱਖ 94 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਈ। ਇਸ ਸਬੰਧ ’ਚ ਥਾਣਾ ਏ ਡਿਵੀਜ਼ਨ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੁਕਾਨ ਦੇ ਮਾਲਕ ਅਰਜੁਨ ਕੋਹਲੀ ਨੇ ਦੱਸਿਆ ਕਿ ਉਹ ਹਾਲ ਬਾਜ਼ਾਰ ਵਿੱਚ ਜਾਮਾ ਮਸਜਿਦ ਦੇ ਸਾਹਮਣੇ ਕੋਹਲੀ ਰਿਟੇਲ ਪ੍ਰਾਈਵੇਟ ਲਿਮਟਿਡ ਨਾਂ ਦੀ ਇਲੈਕਟ੍ਰਾਨਿਕ ਸਾਮਾਨ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ 31 ਅਕਤੂਬਰ ਸਵੇਰ ਵੇਲੇ ਕਿਸੇ ਵਿਅਕਤੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਸ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਉਹ ਤੁਰੰਤ ਆਪਣੀ ਦੁਕਾਨ ’ਤੇ ਪਹੁੰਚਿਆ ਅਤੇ ਉਸ ਵੇਲੇ ਕੈਸ਼ ਕਾਊਂਟਰ ਦਾ ਤਾਲਾ ਟੁੱਟਾ ਹੋਇਆ ਸੀ, ਜਿਸ ਵਿੱਚੋਂ ਲਗਪਗ ਦੋ ਲੱਖ 94 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਉਹ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਗਿਆ ਜਿਥੇ ਅੱਗ ਲੱਗੀ ਹੋਈ ਸੀ। ਅੱਗ ਲੱਗਣ ਕਾਰਨ ਉਪਰਲੀ ਮੰਜ਼ਿਲ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਉਸ ਨੇ ਪੁਲੀਸ ਕੋਲ ਦਰਜ ਕਰਾਈ ਸ਼ਿਕਾਇਤ ਵਿੱਚ ਦੱਸਿਆ ਕਿ ਬਾਅਦ ਵਿੱਚ ਉਸ ਨੇ ਜਦੋਂ ਨੇੜਲੀਆਂ ਦੁਕਾਨਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਘੋਖ ਕੀਤੀ ਤਾਂ ਪਤਾ ਲੱਗਾ ਕਿ ਕੁਝ ਅਣਪਛਾਤੇ ਵਿਅਕਤੀ ਉਸਦੀ ਦੁਕਾਨ ਦੀ ਛੱਤ ’ਤੇ ਘੁੰਮ ਰਹੇ ਸਨ। ਉਸ ਨੇ ਅੱਗ ਨਾਲ ਹੋਏ ਨੁਕਸਾਨ ਦੀ ਸਮੁੱਚੀ ਜਾਣਕਾਰੀ ਵੀ ਪੁਲੀਸ ਨੂੰ ਦਿੱਤੀ ਹੈ।
ਪੁਲੀਸ ਨੇ ਇਸ ਸ਼ਿਕਾਇਤ ’ਤੇ ਅਣਪਛਾਤਿਆਂ ਖ਼ਿਲਾਫ਼ ਧਾਰਾ 380, 457, 436 ਹੇਠ ਕੇਸ ਦਰਜ ਕੀਤਾ ਪਰ ਫਿੱਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।