ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 2 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ‘ਏ’ ਜ਼ੋਨ ਜ਼ੋਨਲ ਯੁਵਕ ਮੇਲਾ ਸੰਪੰਨ ਹੋ ਗਿਆ। ‘ਏ’ ਜ਼ੋਨ ਦੇ ‘ਏ’ ਡਿਵੀਜ਼ਨ ਦੀ ਚੈਂਪੀਅਨਸ਼ਿਪ ਵੱਖ ਵੱਖ ਆਈਟਮਾਂ ਵਿੱਚ ਜਿੱਤ ਪ੍ਰਾਪਤ ਕਰਕੇ ਖਾਲਸਾ ਕਾਲਜ, ਅੰਮ੍ਰਿਤਸਰ ਅਤੇ `ਬੀ` ਡਿਵੀਜ਼ਨ ਵਿਚ ਓਵਰਆਲ ਚੈਂਪੀਅਨਸ਼ਿਪ ਐੱਸ.ਡੀ.ਐੱਸ.ਪੀ.ਐੱਮ. ਕਾਲਜ ਫਾਰ ਵਿਮੈਨ, ਰਈਆ ਅਤੇ ਸ਼ਹਿਜ਼ਾਦਾ ਨੰਦ ਕਾਲਜ, ਮਕਬੂਲ ਰੋਡ, ਅੰਮ੍ਰਿਤਸਰ (ਦੋਵਾਂ ਨੇ ਸਾਂਝੇ ਤੌਰ ’ਤੇ) ਨੇ ਜਿੱਤੀ। ਡੀਨ, ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਵਿਦਿਆਰਥੀ ਕਲਾਕਾਰਾਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਹਰ ਵਿਦਿਆਰਥੀ ਕਲਾਕਾਰ ਜੇਤੂ ਹੈ, ਜਿਸ ਨੇ ਸੱਚੀ- ਸੁੱਚੀ ਭਾਵਨਾ ਦੇ ਨਾਲ ਇਸ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ ਵਿਖਾਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲ਼ਿਆਂ ਦੌਰਾਨ ਇਹ ਗੱਲ ਕੋਈ ਅਰਥ ਨਹੀਂ ਰੱਖਦੀ ਕਿ ਕੌਣ ਜਿੱਤਿਆ ਹੈ ਅਤੇ ਕੌਣ ਹਾਰਿਆ ਹੈ। ਗੱਲ ਇਹ ਅਰਥ ਰੱਖਦੀ ਹੈ ਕਿ ਉਨ੍ਹਾਂ ਦੇ ਹੌਸਲੇ ਕਿੰਨੇ ਬੁਲੰਦ ਹਨ। ਉਨ੍ਹਾਂ ਇਸ ਮੌਕੇ ਅਗਲੇ ਸ਼ੁਰੂ ਹੋਣ ਵਾਲੇ ਯੁਵਕ ਮੇਲੇ ਦੀ ਜਾਣਕਾਰੀ ਵੀ ਸਾਂਝੀ ਕੀਤੀ ਤੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਆਉਣ ਵਾਲੇ ਵਿਦਿਆਰਥੀ ਵੀ ਜੇਤੂ ਭਾਵਨਾ ਦੇ ਨਾਲ ਮੁਕਾਬਲਿਆਂ ’ਚ ਹਿੱਸਾ ਲੈਣਗੇ। `ਏ` ਡਿਵੀਜ਼ਨ ਵਿਚ ਦੂਜਾ ਤੇ ਤੀਜਾ ਸਥਾਨ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵਿਮਨ ਅੰਮ੍ਰਿਤਸਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਨੇ ਕ੍ਰਮਵਾਰ ਪ੍ਰਾਪਤ ਕੀਤਾ ਜਦੋਂਕਿ `ਬੀ` ਡਿਵੀਜ਼ਨ ਵਿੱਚ ਐਸ.ਐਸ.ਐਸ.ਐਸ. ਕਾਲਜ ਆਫ ਕਾਮਰਸ ਫਾਰ ਵਿਮਨ, ਅੰਮ੍ਰਿਤਸਰ ਤੇ ਤ੍ਰੈ -ਸ਼ਤਾਬਦੀ ਜੀ.ਜੀ.ਐਸ. ਖ਼ਾਲਸਾ ਕਾਲਜ, ਅੰਮ੍ਰਿਤਸਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।