ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਸਤੰਬਰ
ਇੱਥੇ ਦੂਜੇ ਦਿਨ ਵੀ ਲਗਾਤਾਰ ਭਰਵੀਂ ਬਾਰਸ਼ ਹੋਈ ਜਿਸ ਨਾਲ ਸ਼ਹਿਰ ਜਲ ਥਲ ਹੋ ਗਿਆ ਅਤੇ ਨੀਵੇਂ ਇਲਾਕਿਆਂ ਵਿਚ ਦੇਰ ਤੱਕ ਮੀਂਹ ਦਾ ਪਾਣੀ ਖੜ੍ਹਾ ਰਿਹਾ। ਅੱਜ ਵੀ ਸਵੇਰੇ ਪੰਜ ਵਜੇ ਤੋਂ ਬਾਅਦ ਭਾਰੀ ਬਾਰਿਸ਼ ਸ਼ੁਰੂ ਹੋਈ ਜੋ ਲਗਪਗ ਪੰਜ ਤੋਂ ਛੇ ਘੰਟੇ ਜਾਰੀ ਰਹੀ। ਇਸ ਤੋਂ ਬਾਅਦ ਵੀ ਮੀਂਹ ਦਾ ਸਿਲਸਿਲਾ ਜਾਰੀ ਰਿਹਾ। ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ ਵਿੱਚ ਲਗਪਗ 110 ਐਮਐਮ ਬਾਰਿਸ਼ ਦਰਜ ਕੀਤੀ ਗਈ। ਜ਼ਿਲੇ ਵਿੱਚ ਅਜਨਾਲਾ ਵਿਚ 55, ਰਈਆ ਵਿਚ ਦਸ ਅਤੇ ਜੰਡਿਆਲਾ ਵਿਚ 25 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਤਰਨਤਾਰਨ ਵਿੱਚ 42 ਅਤੇ ਪੱਟੀ ਵਿੱਚ 96ਐੱਮ ਐੱਮ ਬਾਰਿਸ਼ ਦਰਜ ਕੀਤੀ ਗਈ।
ਮੌਸਮ ਵਿਭਾਗ ਮੁਤਾਬਕ ਅੱਜ ਇੱਥੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਨਮੀ ਦੀ ਮਾਤਰਾ 98 ਫ਼ੀਸਦ ਰਹੀ ਹੈ। ਭਾਰੀ ਬਾਰਿਸ਼ ਕਾਰਨ ਅੱਜ ਵੀ ਸ਼ਹਿਰ ਦੀਆਂ ਕਈ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਦੌਰਾਨ ਸ਼ਹਿਰ ਵਿਚ ਇਕ-ਦੋ ਮਕਾਨਾਂ ਦੀਆਂ ਛੱਤਾਂ ਡਿੱਗਣ ਦਾ ਦੀ ਖਬਰ ਮਿਲੀ ਹੈ । ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਦੋ ਦਿਨ ਹੋਈ ਭਾਰੀ ਬਾਰਿਸ਼ ਕਾਰਨ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ।
ਤਰਨ ਤਾਰਨ (ਪੱਤਰ ਪ੍ਰੇਰਕ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇਥੋਂ ਦੇ ਡਿਪਟੀ ਕਮਿਸ਼ਨਰ ਨੂੰ ਭਾਰੀ ਮੀਂਹ ਕਾਰਨ ਕਸੂਰ ਨਾਲੇ ਵਿੱਚ ਹੜ੍ਹ ਆਉਣ ਕਾਰਨ ਨੇੜਲੇ ਪਿੰਡਾਂ ਵਿੱਚ ਪਾਣੀ ਖੜ੍ਹ ਜਾਣ ਕਾਰਨ ਫਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸੇ ਦੌਰਾਨ ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਜਲ ਸਰੋਤ ਨੂੰ ਵਿਭਾਗ ਅਤੇ ਇਸ ਦੇ ਡਰੇਨੇਜ਼ ਵਿੰਗ ਦੇ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਨੂੰ ਤੁਰੰਤ ਮੌਕੇ ’ਤੇ ਭੇਜ ਕੇ ਪੱਟੀ ਤਹਿਸੀਲ ਦੇ ਖੇਮਕਰਨ ਖੇਤਰ ਦੇ ਕੁਝ ਪਿੰਡਾਂ ਵਿੱਚ ਲੋੜੀਂਦੀ ਮਸ਼ੀਨਰੀ ਅਤੇ ਵਿਭਾਗੀ ਅਮਲੇ ਦੀਆਂ ਸੇਵਾਵਾਂ ਲੈਂਦੇ ਹੋਏ ਤੁਰੰਤ ਪਾਣੀ ਦੀ ਨਿਕਾਸੀ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਹਨ।
ਤਲਵਾੜਾ (ਪੱਤਰ ਪ੍ਰੇਰਕ): ਇੱਥੇ ਪਏ ਮੋਹਲੇਧਾਰ ਮੀਂਹ ਕਾਰਨ ਤਲਵਾੜਾ ਤੇ ਆਸ ਪਾਸ ਦੇ ਇਲਾਕੇ ਜਲ ਥਲ ਹੋ ਗਏ। ਖ਼ੇਤਰ ’ਚ ਭਾਰੀ ਮੀਂਹ ਕਾਰਨ ਖੰਭੇ ਆਦਿ ਡਿੱਗਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ, ਉੱਥੇ ਹੀ ਖੱਡਾਂ ’ਚ ਹੜ੍ਹ ਆਉਣ ਕਾਰਨ ਕਈ ਜਗ੍ਹਾ ’ਤੇ ਆਵਾਜਾਈ ’ਚ ਵਿਘਨ ਪਿਆ।
ਮੀਂਹ ਨਾਲ ਨੀਵੀਆਂ ਜ਼ਮੀਨਾਂ ’ਚ ਪਾਣੀ ਭਰਿਆ
ਅਜਨਾਲਾ (ਪੱਤਰ ਪ੍ਰੇਰਕ): ਇਥੇ ਅੱਜ ਮੀਂਹ ਕਾਰਨ ਨੀਵੀਆਂ ਜ਼ਮੀਨਾਂ ਵਿੱਚ ਪਾਣੀ ਰੁਕਣ ਕਾਰਨ ਫਸਲਾਂ ਦੇ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਹਸਮੱਸਿਆ ਤਹਿਸੀਲ ਅਜਨਾਲਾ ਦੇ ਪਿੰਡ ਰੱਖ-ਉਠੀਆਂ ਵਿਚ ਆਈ ਜਿਥੇ ਸਿੰਚਾਈ ਵਿਭਾਗ ਵੱਲੋਂ ਕੱਚੇ ਸੂਏ ਨੂੰ ਪੱਕਾ ਅਤੇ ਉੱਚਾ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਜਿਸ ਕਾਰਨ ਕੁਦਰਤੀ ਢਲਾਣ ਅਨੁਸਾਰ ਬਰਸਾਤ ਦਾ ਪਾਣੀ ਅੱਗੇ ਸੂਏ ਦੇ ਉੱਚੇ ਹੋਣ ਨਾਲ ਜ਼ਮੀਨਾਂ ਚ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ ਜੋ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਕਿਸਾਨ ਬਾਜ਼ ਸਿੰਘ ਉਠੀਆਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਕਿਸਾਨਾਂ ਨੇ ਧਰਨਾ ਸ਼ੁਰੂ ਕੀਤਾ ਸੀ ਜਿਸ ਦੇ 36 ਦਿਨ ਬੀਤਣ ਦੇ ਬਾਵਜੂਦ ਸਿੰਚਾਈ ਵਿਭਾਗ ਵੱਲੋਂ ਉੱਚਿਤ ਕਦਮ ਨਹੀਂ ਚੁੱਕੇ ਗਏ ਜਿਸ ਕਾਰਨ 400 ਏਕੜ ਫਸਲਾਂ ਦੇ ਕਾਸ਼ਤਕਾਰ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕੁਦਰਤੀ ਢਲਾਣ ਅਨੁਸਾਰ ਨੀਵੀਆਂ ਜ਼ਮੀਨਾਂ ਵਿਚਲੇ ਬਰਸਾਤ ਦੇ ਵਾਧੂ ਪਾਣੀ ਦੀ ਨਿਕਾਸੀ ਦਾ ਬਣਦਾ ਹੱਲ ਕੀਤਾ ਜਾਵੇ। ਖੇਤਰ ਵਾਸੀਆਂ ਨੇ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ।
ਕਿਸਾਨਾਂ ਤੇ ਸਬਜ਼ੀ ਉਤਪਾਦਕਾਂ ਦੀਆਂ ਮੁਸ਼ਕਲਾਂ ਵਧੀਆਂ
ਤਰਨ ਤਾਰਨ (ਗੁਰਬਖਸ਼ਪੁਰੀ): ਇਸ ਖੇਤਰ ਵਿਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਤੋਂ ਇਲਾਵਾ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ| ਮੀਂਹ ਕਰਕੇ ਜ਼ਿਲ੍ਹੇ ਦੀਆਂ ਨੀਵੀਆਂ ਥਾਵਾਂ ’ਤੇ ਪਾਣੀ ਖੜ੍ਹ ਗਿਆ ਹੈ। ਮੀਂਹ ਕਰਕੇ ਕਿਸਾਨਾਂ ਦੇ ਝੋਨੇ ਦੀ ਕਟਾਈ ਲਈ ਤਿਆਰ ਫਸਲ, ਖਾਸ ਕਰਕੇ 1509 ਕਿਸਮ ਦਾ ਜ਼ਿਆਦਾ ਨੁਕਸਾਨ ਹੋਇਆ ਹੈ| ਪਿੰਡ ਵੈਰੋਵਾਲ ਦੇ ਸਬਜ਼ੀ ਉਤਪਾਦਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਇਸ ਭਾਰੀ ਬਾਰਸ਼ ਨੇ ਜਿਥੇ ਮਟਰ, ਆਲੂ, ਮੂਲੀ, ਗਾਜਰ, ਸ਼ਲਗਮ ਆਦਿ ਦੀ ਬਿਜਾਈ ਨੂੰ ਘੱਟੋ ਘੱਟ 10 ਦਿਨ ਲਈ ਲੇਟ ਕਰਕੇ ਰੱਖ ਦਿੱਤਾ ਹੈ ਉਥੇ ਕੱਦੂ, ਖੀਰਾ, ਘੀਆ ਤੋਰੀ, ਕਰੇਲਾ, ਬੈਂਗਣ, ਟਮਾਟਰ ਆਦਿ ਸਬਜ਼ੀਆਂ ਦਾ ਵੀ ਨੁਕਸਾਨ ਕੀਤਾ ਹੈ। ਸਪਲਾਈ ਘਟਣ ਕਾਰਨ ਕਈ ਸਬਜ਼ੀਆਂ ਮਹਿੰਗੀਆਂ ਵੀ ਹੋ ਗਈਆਂ ਹਨ। ਸਬਜ਼ੀ ਵਿਕਰੇਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਜਿਹੜਾ ਟਮਾਟਰ ਅਤੇ ਬੈਂਗਣ ਮੰਡੀ ਵਿੱਚੋਂ 20 ਰੁਪਏ ਪ੍ਰਤੀ ਕਿਲੋਗਰਾਮ ਦੇ ਹਿਸਾਬ ਨਾਲ ਮਿਲਦਾ ਸੀ ਉਹ ਅੱਜ 30 ਰੁਪਏ ਕਿਲੋ ਮਿਲ ਰਿਹਾ ਹੈ। ਇਸ ਦਾ ਅਸਰ ਆਮ ਲੋਕਾਂ ਦੀ ਜੇਬ੍ਹ ’ਤੇ ਪਿਆ ਹੈ| ਬਾਰਸ਼ ਨੇ ਬਿਜਲੀ ਸਪਲਾਈ ਤੇ ਵੀ ਅਸਰ ਪਾਇਆ ਹੈ।