ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਮਈ
ਇੱਥੇ ਰੇਲਵੇ ਸਟੇਸ਼ਨ ਅਤੇ ਕੁਵਿੰਜ ਰੋਡ ਵਿਚਾਲੇ ਬਣ ਰਹੀ ਇੱਕ ਵਪਾਰਕ ਇਮਾਰਤ ਦਾ ਜ਼ਮੀਨਦੋਜ ਹਿੱਸਾ ਵਧੇਰੇ ਡੂੰਘਾ ਪੁੱਟੇ ਜਾਣ ਕਾਰਨ ਅੱਜ ਸ਼ਾਮ ਇਸ ਦੇ ਨੇੜੇ ਇੱਕ ਹੋਟਲ ਦੀ ਪੁਰਾਣੀ ਇਮਾਰਤ ਦਾ ਕੁਝ ਹਿੱਸਾ ਡਿਗ ਪਿਆ ਹੈ। ਜਿਸ ਨਾਲ ਭਾਵੇਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁੱਝ ਦੋ ਪਹੀਆ ਵਾਹਨ ਇਮਾਰਤ ਦੇ ਡਿੱਗਣ ਕਾਰਨ ਮਲਬੇ ਹੇਠਾਂ ਦੱਬੇ ਗਏ ਹਨ। ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਇਥੇ ਕੰਮ ਕਰ ਰਹੇ ਦਰਜਨ ਭਰ ਮਜ਼ਦੂਰ ਤੇ ਮਿਸਤਰੀ ਆਦਿ ਛੁੱਟੀ ਕਰਕੇ ਚਲੇ ਗਏ ਸਨ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਪਰ ਇਸ ਦੌਰਾਨ ਇਮਾਰਤ ਦੇ ਮਲਬੇ ਹੇਠਾਂ ਕੁਝ ਦੋ ਪਹੀਆ ਵਾਹਨ ਆਉਣ ਕਾਰਨ ਨੁਕਸਾਨੇ ਗਏ ਹਨ। ਇਮਾਰਤ ਦੇ ਕੁੱਝ ਹਿੱਸੇ ਦੇ ਡਿੱਗਣ ਨਾਲ ਨੇੜੇ ਇਕ ਖੋਖਾ ਅਤੇ ਇਕ ਹੋਰ ਇਮਾਰਤ ਨੂੰ ਵੀ ਨੁਕਸਾਨ ਪੁੱਜਾ ਹੈ। ਨੁਕਸਾਨੇ ਗਏ ਗਰੈਂਡ ਹੋਟਲ ਦੇ ਮਾਲਕ ਤੇ ਹੋਰਨਾਂ ਵਲੋਂ ਦੋਸ਼ ਲਾਇਆ ਗਿਆ ਕਿ ਉਹ ਪਿਛਲੇ ਲਗਪਗ 1 ਸਾਲ ਤੋਂ ਨਗਰ ਨਿਗਮ ਅਤੇ ਕਾਂਗਰਸ ਸਰਕਾਰ ਨੂੰ ਕਈ ਵਾਰ ਲਿਖ ਚੁਕੇ ਹਨ ਪਰ ਉਨ੍ਹਾਂ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੋਟਲ ਦੀ ਇਮਾਰਤ ਦੇ ਨਾਲ ਹੀ ਇਕ ਹੋਰ ਵਪਾਰਕ ਇਮਾਰਤ ਬਣ ਰਹੀ ਹੈ, ਜਿਸ ਦਾ ਜ਼ਮੀਨਦੋਜ ਹਿੱਸਾ ਨਿਰਧਾਰਤ ਮਾਪਦੰਡ ਤੋਂ ਵਧੇਰੇ ਡੂੰਘਾ ਬਣਾਇਆ ਜਾ ਰਿਹਾ ਹੈ। ਸਿਰਫ ਉਸ ਦੇ ਹੋਟਲ ਦੀ ਇਮਾਰਤ ਹੀ ਨਹੀਂ , ਨੇੜੇ ਕੁਝ ਘਰਾਂ ਦੀਆਂ ਇਮਾਰਤਾਂ ਵਿੱਚ ਵੀ ਤਰੇੜਾਂ ਆ ਚੁੱਕੀਆਂ ਹਨ।
ਹੋਟਲ ਮਾਲਕ ਵੱਲੋਂ ਮਾਮਲਾ ਕੁੰਵਰ ਵਿਜੈ ਪ੍ਰਤਾਪ ਦੇ ਧਿਆਨ ’ਚ ਲਿਆਉਣ ਦਾ ਕੀਤਾ ਦਾਅਵਾ
ਹੋਟਲ ਮਾਲਕ ਨੇ ਦੱਸਿਆ ਕਿ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਨਾਂ ਨੇ ਨਿਯਮਾਂ ਦੀ ਅਣਦੇਖੀ ਕਰਕੇ ਡੂੰਮੀ ਪੁੱਟਣ ਦਾ ਮਾਮਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲ ਵੀ ਰੱਖਿਆ ਸੀ। ਅੱਜ ਮਾਮਲੇ ਦੀ ਅਣਦੇਖੀ ਦੇ ਚੱਲਦਿਆਂ ਉਨ੍ਹਾਂ ਦੇ ਹੋਟਲ ਅਤੇ ਨੇੜਲੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਸੰਜੈ ਕੁਮਾਰ ਅਤੇ ਹੋਰਨਾਂ ਨੇ ਆਖਿਆ ਕਿ ਨਵੀਂ ਬਣ ਰਹੀ ਇਮਾਰਤ ਦੀ ਉਸਾਰੀ ਦੌਰਾਨ ਨਿਰਧਾਰਤ ਮਾਪਦੰਡਾਂ ਨੂੰ ਅਣਦੇਖਿਆਂ ਕੀਤਾ ਗਿਆ ਹੈ ਜਿਸ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ।
ਨਿਗਮ ਅਧਿਕਾਰੀਆਂ ਅਨੁਸਾਰ ਇਮਾਰਤ ਅਸੁਰੱਖਿਅਤ ਐਲਾਨੀ ਸੀ
ਇਸ ਮਾਮਲੇ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਖਿਆ ਕਿ ਅੱਜ ਡਿੱਗੀ ਹੋਟਲ ਦੀ ਇਮਾਰਤ ਨੂੰ ਪਹਿਲਾਂ ਹੀ ਅਸੁਰਖਿਅਤ ਕਰਾਰ ਦਿੱਤਾ ਹੋਇਆ ਸੀ। ਇਸ ਸਬੰਧ ਵਿੱਚ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤਾ ਸੀ। ਇਹ ਇਮਾਰਤ ਪੁਰਾਣੀ ਹੈ ਅਤੇ ਖਸਤਾ ਹਾਲਤ ਵਿੱਚ ਸੀ। ਇਸ ਦੌਰਾਨ ਕੁਝ ਲੋਕਾਂ ਨੇ ਆਖਿਆ ਕਿ ਹੋਟਲ ਦੀ ਪੁਰਾਣੀ ਇਮਾਰਤ ਦੇ ਖਸਤਾ ਹਿੱਸੇ ਨੂੰ ਅੱਜ ਤੋੜਿਆ ਜਾ ਰਿਹਾ ਸੀ ਅਤੇ ਇਸ ਕਾਰਵਾਈ ਦੌਰਾਨ ਸ਼ਾਮ ਨੂੰ ਇਮਾਰਤ ਦਾ ਕੁੱਝ ਹਿੱਸਾ ਡਿਗ ਗਿਆ ਹੈ।