ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 4 ਜੁਲਾਈ
ਟ੍ਰੈਫਿਕ ਪੁਲੀਸ ਕਮਿਸ਼ਨਰੇਟ ਅਤੇ ਨਗਰ ਨਿਗਮ ਵੱਲੋਂ ਸਾਂਝੇ ਤੌਰ ’ਤੇ ਅੱਜ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਸੜਕਾਂ ਅਤੇ ਫੁੱਟਪਾਥਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਲਈ ਹਾਲ ਗੇਟ ਤੋਂ ਭਰਾਵਾਂ ਦੇ ਢਾਬੇ ਅਤੇ ਹੈਰੀਟੇਜ਼ ਸਟਰੀਟ ਤੋਂ ਜੱਲ੍ਹਿਆਂਵਾਲਾ ਬਾਗ ਤੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ। ਟਰੈਫਿਕ ਸਟਾਫ ਵੱਲੋਂ ਇੰਚਾਰਜ਼ ਜੋਨ ਨੰ. 1, ਟਰੈਫਿਕ ਸਟਾਫ ਅਤੇ 8 ਮੋਬਾਇਲ ਪੈਟ੍ਰੋਲਿੰਗ ਮੋਟਰਸਾਈਕਲਾਂ ਸਮੇਤ 16 ਕਰਮਚਾਰੀ ਡਿਊਟੀ ’ਤੇ ਲਗਾਏ ਗਏ ਸਨ। ਟੀਮ ਨੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਰੇਹੜੀਆਂ-ਫੜੀਆਂ ਨਾ ਲੱਗਣ ਦੇਣ ਅਤੇ ਟਰੈਫਿਕ ਸਹੀ ਢੰਗ ਨਾਲ ਰੇਗੂਲੇਟ ਕਰਨ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ, ਟੂਰਿਸਟਾਂ, ਸ਼ਹਿਰ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਟਰੈਫਿਕ ਸਟਾਫ ਵੱਲੋਂ ਇਹ ਮੁਹਿੰਮ ਅੱਗੇ ਵੀ ਜਾਰੀ ਰੱਖੀ ਜਾਵੇਗੀ।