ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਅਪਰੈਲ
ਸਥਾਨਕ ਹੈਰੀਟੇਜ ਸਟਰੀਟ ਵਿਚ ਅੱਜ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਨਗਰ ਨਿਗਮ ਦੇ ਅਸਟੇਟ ਵਿਭਾਗ ਦੇ ਕਰਮਚਾਰੀ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਤਹਿਤ ਇੱਥੇ ਪੁੱਜੇ ਅਤੇ ਇਨ੍ਹਾਂ ਨੇ ਨਾਜਾਇਜ ਰੇਹੜੀਆਂ-ਫੜੀਆਂ ਆਦਿ ਨੂੰ ਹਟਾਉਣ ਦਾ ਯਤਨ ਕੀਤਾ। ਦੂਜੇ ਪਾਸੇ, ਰੇਹੜੀਆਂ-ਫੜੀਆਂ ਲਾਉਣ ਵਾਲਿਆਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਦੇ ਕਰਮਚਾਰੀਆਂ ਨੇ ਇਸ ਕਾਰਵਾਈ ਦੌਰਾਨ ‘ਰੁਮਾਲਿਆਂ’ ਦੀ ਬੇਅਦਬੀ ਕੀਤੀ ਹੈ। ਦੂਜੇ ਪਾਸੇ, ਨਗਰ ਨਿਗਮ ਦੇ ਅਸਟੇਟ ਅਧਿਕਾਰੀ ਨੇ ਇਸ ਸਬੰਧ ਵਿਚ ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਾਈ ਹੈ, ਜਿਸ ਵਿਚ ਇਨ੍ਹਾਂ ਲੋਕਾਂ ਖ਼ਿਲਾਫ਼ ਸਰਕਾਰੀ ਕੰਮ ਵਿਚ ਵਿਘਨ ਪਾਉਣ, ਡਰਾਈਵਰ ਦੀ ਕੁੱਟਮਾਰ ਕਰਨ ਅਤੇ ਸਰਕਾਰੀ ਮਸ਼ੀਨਰੀ ਦੀ ਭੰਨ-ਤੋੜ ਕਰਨ ਦੇ ਦੋਸ਼ ਲਾਏ ਹਨ।
ਨਗਰ ਨਿਗਮ ਦੇ ਅਸਟੇਟ ਵਿਭਾਗ ਵੱਲੋਂ ਕੀਤੀ ਕਾਰਵਾਈ ਦੌਰਾਨ ਰੋਹ ਵਿਚ ਆਏ ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕੁਝ ਰੇਹੜੀ-ਫੜੀ ਵਾਲਿਆਂ ਨੇ ਦੋਸ਼ ਲਾਇਆ ਕਿ ਜਦੋਂ ਨਗਰ ਨਿਗਮ ਦੇ ਇਹ ਕਰਮਚਾਰੀ ਕਾਰਵਾਈ ਕਰ ਰਹੇ ਸਨ ਤਾਂ ਉਨ੍ਹਾਂ ਨੇ ਗੁਰੂ ਘਰ ਭੇਟ ਕੀਤੇ ਜਾਣ ਵਾਲੇ ਰੁਮਾਲੇ ਵੀ ਟਰੱਕ ਵਿਚ ਸੁੱਟ ਲਏ। ਕਈ ਰੁਮਾਲੇ ਹੇਠਾਂ ਡਿਗਣ ਕਰ ਕੇ ਪੈਰਾਂ ਹੇਠ ਆਏ। ਇਸ ਤਕਰਾਰ ਦੌਰਾਨ ਕੁਝ ਸਿੱਖ ਜਥੇਬੰਦੀਆਂ ਦੇ ਕਾਰਕੁਨ ਵੀ ਇੱਥੇ ਪੁੱਜ ਗਏ ਸਨ, ਉਨ੍ਹਾਂ ਨਿਗਮ ਕਰਮਚਾਰੀਆਂ ਦਾ ਵਿਰੋਧ ਕੀਤਾ। ਦੋਵਾਂ ਧਿਰਾਂ ਵਿਚਾਲੇ ਤਕਰਾਰ ਵੀ ਹੋਈ। ਰੇਹੜੀਆਂ ਵਾਲਿਆਂ ਨੇ ਦੋਸ਼ ਲਾਇਆ ਕਿ ਨਿਗਮ ਦੇ ਕਰਮਚਾਰੀਆਂ ਨੂੰ ਪਹਿਲਾਂ ਉਹ ਕਥਿਤ ‘ਮਹੀਨਾ’ ਦਿੰਦੇ ਸਨ ਅਤੇ ਹੁਣ ਜਦੋਂ ਇਹ ਦੇਣਾ ਬੰਦ ਕੀਤਾ ਹੈ ਤਾਂ ਉਨ੍ਹਾਂ ਦਾ ਕਾਰੋਬਾਰ ਬੰਦ ਕੀਤਾ ਜਾ ਰਿਹਾ ਹੈ। ਇਸ ਕਾਰਵਾਈ ਦੌਰਾਨ ਰੋਹ ਵਿਚ ਆਏ ਲੋਕਾਂ ਨੇ ਨਿਗਮ ਕਰਮਚਾਰੀਆਂ ਵੱਲੋਂ ਟਰੱਕ ਵਿਚ ਸੁੱਟਿਆ ਸਾਮਾਨ ਵਾਪਸ ਚੁੱਕ ਲਿਆ। ਲੋਕਾਂ ਦੇ ਰੋਹ ਨੂੰ ਦੇਖਦਿਆਂ ਇਹ ਨਿਗਮ ਕਰਮਚਾਰੀ ਉਥੋਂ ਵਾਪਸ ਪਰਤ ਆਏ।
ਇਸ ਦੌਰਾਨ ਨਿਗਮ ਦੇ ਅਸਟੇਟ ਅਧਿਕਾਰੀ ਵਲੋਂ ਪੁਲੀਸ ਕਮਿਸ਼ਨਰ ਨੂੰ ਪੱਤਰ ਦੇ ਕੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਲੋਕਾਂ ਨੇ ਨਿਗਮ ਦੇ ਸਰਕਾਰੀ ਕੰਮ ਵਿਚ ਵਿਘਨ ਪਾਇਆ। ਨਗਰ ਨਿਗਮ ਦੇ ਵਾਹਨ ਦੇ ਕਰਮਚਾਰੀ ਦੀ ਕੁੱਟਮਾਰ ਕੀਤੀ ਹੈ ਅਤੇ ਟਰੱਕ ਦੀ ਭੰਨਤੋੜ ਵੀ ਕੀਤੀ ਹੈ। ਉਨ੍ਹਾਂ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਹੈਰੀਟੇਜ ਸਟਰੀਟ ਵਿਚ ਆਏ ਸੈਰ ਸਪਾਟਾ ਮੰਤਰੀ ਨੇ ਇੱਥੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਆਦੇਸ਼ ਕੀਤੇ ਸਨ।