ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਫਰਵਰੀ
ਸਥਾਨਕ ਰਣਜੀਤ ਐਵੀਨਿਊ ਦੇ ਬੀ ਬਲਾਕ ਇਲਾਕੇ ਵਿਚ ਇਕ ਆਇਲੈਟਸ ਕੇਂਦਰ ਵਿੱਚ ਦੋ ਗੁੱਟਾਂ ਵਿਚਾਲੇ ਝਗੜਾ ਹੋ ਗਿਆ ਅਤੇ ਗੋਲੀ ਚੱਲੀ।
ਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜੀ ਸੀ ਤੇ ਜਾਂਚ ਕੀਤੀ ਜਾ ਰਹੀ ਹੈ। ਮਿਲੇ ਵੇਰਵਿਆਂ ਮੁਤਾਬਕ ਇਸ ਝਗੜੇ ਵਿਚ ਦੋ ਵਿਅਕਤੀ ਜ਼ਖਮੀ ਵੀ ਹੋਏ ਹਨ। ਏਸੀਪੀ ਪਲਵਿੰਦਰ ਸਿੰਘ ਨੇ ਆਖਿਆ ਕਿ ਜ਼ਖਮੀ ਵਿਅਕਤੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਇਸ ਸਬੰਧੀ ਅਗਲੇਰੀ ਜਾਂਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਅਤੇ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ਼ੱਕੀ ਵਿਅਕਤੀਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ। ਘਟਨਾ ਵਿਚ ਗੋਲੀ ਚੱਲਣ ਦੇ ਦਾਅਵੇ ਨੂੰ ਉਨ੍ਹਾਂ ਰੱਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਈਲਟਸ ਕੇਂਦਰ ਦੇ ਸੰਚਾਲਕ ਅਮਨ ਸਿੰਘ ਨਾਲ ਇਹ ਝਗੜਾ ਕੁਝ ਪੈਸਿਆਂ ਦੇ ਮਾਮਲੇ ਨੂੰ ਲੈ ਕੇ ਹੋਇਆ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਹ ਰਣਜੀਤ ਐਵੇਨਿਊ ਵਿਚ ਆਈਲੈਟਸ ਕੇਂਦਰ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਰਾਜਵਿੰਦਰ ਨਾਂ ਦਾ ਇਕ ਨੌਜਵਾਨ ਕੁਝ ਦਿਨ ਪਹਿਲਾਂ ਇਥੇ ਸਿਖਲਾਈ ਲਈ ਆਇਆ ਸੀ। ਉਸ ਦਾ ਦਸ ਦਿਨ ਦਾ ਪੈਕੇਜ ਖਤਮ ਹੋ ਗਿਆ ਪਰ ਉਹ ਇਸ ਦੇ ਬਾਵਜੂਦ ਜਬਰੀ ਕਲਾਸ ਵਿਚ ਦਾਖਲ ਹੋ ਰਿਹਾ ਸੀ, ਜਿਸ ਨਾਲ ਹੋਰ ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਸਨ। ਅੱਜ ਜਦੋਂ ਉਸ ਨੂੰ ਕਲਾਸ ਛੱਡ ਕੇ ਜਾਣ ਲਈ ਆਖਿਆ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਕੁਝ ਸਾਥੀ ਬੁਲਾ ਲਏ, ਜਿਨ੍ਹਾਂ ਕੋਲ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਵੀ ਸਨ। ਉਨ੍ਹਾਂ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।