ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਜੁਲਾਈ
ਸ਼੍ਰੋਮਣੀ ਕਮੇਟੀ ਵੱਲੋਂ ਆਸਟਰੇਲੀਆ ਦੇ ਵਿਕਟੋਰੀਆ ਸ਼ਹਿਰ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਮੰਗ ਅਨੁਸਾਰ ਇੱਕ ਚਾਰਟਰਡ ਹਵਾਈ ਜਹਾਜ਼ ਰਾਹੀਂ 220 ਪਾਵਨ ਸਰੂਪ ਭੇਜੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਸਟਰੇਲੀਆ ਦੀ ਸੰਗਤ ਵੱਲੋਂ ਕੀਤੀ ਗਈ ਇਸ ਮੰਗ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪਾਵਨ ਸਰੂਪ ਆਸਟਰੇਲੀਆ ਸਥਿਤ ਵੱਖ-ਵੱਖ ਗੁਰੂਧਾਮਾਂ ਵਿੱਚ ਭੇਜੇ ਜਾਣਗੇ। ਇਸ ਸਬੰਧ ’ਚ ਆਸਟਰੇਲੀਆ ਦੀ ਸੰਗਤ ਵੱਲੋਂ ਸਿੱਖ ਮਰਿਆਦਾ ਅਨੁਸਾਰ ਸਰੂਪ ਲੈ ਕੇ ਜਾਣ ਵਾਸਤੇ ਵਿਸ਼ੇਸ਼ ਹਵਾਈ ਜਹਾਜ਼ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਜਹਾਜ਼ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਪਾਵਨ ਸਰੂਪ ਲੈ ਕੇ ਰਵਾਨਾ ਹੋਵੇਗਾ।