ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਅਪਰੈਲ
ਇੱਥੇ ਰਣਜੀਤ ਐਵੀਨਿਊ ਦੇ ਇਲਾਕੇ ਵਿੱਚ ਬੇਅੰਤ ਸਿੰਘ ਪਾਰਕ ਨੇੜੇ ਬੀਤੀ ਦੇਰ ਰਾਤ ਪਤੀ-ਪਤਨੀ ਕੋਲੋਂ ਹਥਿਆਰਬੰਦ ਲੁਟੇਰਿਆਂ ਨੇ ਕਾਰ ਖੋਹ ਲਈ। ਇਹ ਜੋੜਾ ਰਾਤ ਦਾ ਖਾਣਾ ਖਾਣ ਮਗਰੋਂ ਇੱਥੇ ਸੈਰ ਲਈ ਆਇਆ ਸੀ। ਇਸ ਦੌਰਾਨ ਲੁਟੇਰਿਆਂ ਨੇ ਹਥਿਆਰ ਦਿਖਾ ਕੇ ਕਾਰ ਖੋਹ ਲਈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖਿਆ ਜਾ ਰਿਹਾ ਹੈ।
ਲੁੱਟ ਦਾ ਸ਼ਿਕਾਰ ਹੋਏ ਅੰਕੁਰ ਦੁਆ ਵਾਸੀ ਹੁਕਮ ਸਿੰਘ ਰੋਡ ਨੇ ਦੱਸਿਆ ਕਿ ਰਾਤ ਲਗਪਗ ਸਾਢੇ 10 ਵਜੇ ਉਹ ਆਪਣੀ ਪਤਨੀ ਨਾਲ ਇੱਥੇ ਰਣਜੀਤ ਐਵੀਨਿਊ ਵਿੱਚ ਬੇਅੰਤ ਸਿੰਘ ਪਾਰਕ ਕੋਲ ਆਇਆ ਸੀ। ਸੈਰ ਮਗਰੋਂ ਜਦੋਂ ਉਹ ਵਾਪਸ ਜਾਣ ਲਈ ਕਾਰ ਵਿੱਚ ਬੈਠੇ ਤਾਂ ਹਥਿਆਰਬੰਦ ਵਿਅਕਤੀ ਆ ਗਏ, ਜਿਨ੍ਹਾਂ ਨੇ ਪਿਸਤੌਲ ਦਿਖਾ ਕੇ ਡਰਾਇਆ ਧਮਕਾਇਆ ਅਤੇ ਕਾਰ ਖੋਹ ਲਈ। ਉਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ। ਇਸ ਦੌਰਾਨ ਜਦੋਂ ਉਸ ਨੇ ਲੁਟੇਰਿਆਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਨ੍ਹਾਂ ਉਸ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਅਤੇ ਕਾਰ ਲੈ ਕੇ ਭੱਜ ਗਏ। ਘਟਨਾ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਵਾਰਸ ਮਸੀਹ ਨੇ ਕਿਹਾ ਕਿ ਰਾਤ ਨੂੰ ਇਸ ਦੀ ਸੂਚਨਾ ਗਸ਼ਤੀ ਪਾਰਟੀ ਨੂੰ ਮਿਲੀ ਸੀ। ਉਹ ਮੌਕੇ ’ਤੇ ਪੁੱਜੇ ਅਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਵਲੋਂ ਘਟਨਾ ਸਥਾਨ ਅਤੇ ਲੁਟੇਰਿਆਂ ਦੇ ਫਰਾਰ ਹੋਣ ਵਾਲੇ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਘੋਖਿਆ ਜਾ ਰਿਹਾ ਹੈ।