ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਸਤੰਬਰ
ਇਥੇ ਰਿਸ਼ੀ ਵਿਹਾਰ ’ਚ ਅੱਜ ਦੋ ਹਥਿਆਰਬੰਦ ਲੁਟੇਰਿਆਂ ਨੇ ਇਕ ਘਰ ’ਚ ਬਜ਼ੁਰਗ ਔਰਤ ਨੂੰ ਬੰਦੀ ਬਣਾਉਣ ਮਗਰੋਂ ਲੱਖਾਂ ਦੇ ਸੋਨੇ ਦੇ ਗਹਿਣੇ ਤੇ ਨਕਦੀ ਲੁੱਟ ਲਈ। ਲੁੱਟ ਦਾ ਸ਼ਿਕਾਰ ਹੋਈ ਔਰਤ ਦੀ ਸ਼ਨਾਖਤ ਸੰਗੀਤਾ ਮਲਹੋਤਰਾ ਵਜੋਂ ਹੋਈ ਹੈ। ਜਿਸ ਨੇ ਪੁਲੀਸ ਨੂੰ ਦੱਸਿਆ ਕਿ ਆਰਓ ਠੀਕ ਕਰਨ ਦੇ ਬਹਾਨੇ ਇਹ ਦੋ ਵਿਅਕਤੀ ਘਰ ’ਚ ਦਾਖ਼ਲ ਹੋਏ। ਉਨ੍ਹਾਂ ਔਰਤ ਨੂੰ ਦੱਸਿਆ ਕਿ ਉਸ ਦੇ ਬੇਟੇ ਸੰਦੀਪ ਮਲਹੋਤਰਾ ਨੇ ਉਨ੍ਹਾਂ ਦੋਵਾਂ ਨੂੰ ਆਰਓ ਦੀ ਸਰਵਿਸ ਕਰਨ ਵਾਸਤੇ ਭੇਜਿਆ ਹੈ। ਔਰਤ ਨੇ ਦੱਸਿਆ ਕਿ ਘਰ ’ਚ ਦਾਖ਼ਲ ਹੋਣ ਮਗਰੋਂ ਇਨ੍ਹਾਂ ਦੋਵਾਂ ਨੇ ਉਸ ਨੂੰ ਬੰਦੀ ਬਣਾ ਲਿਆ। ਇਕ ਲੁਟੇਰਾ ਉਸ ਕੋਲੋਂ ਸੋਨੇ ਦੇ ਗਹਿਣੇ ਤੇ ਨਕਦੀ ਬਾਰੇ ਮੰਗ ਕਰ ਰਿਹਾ ਸੀ ਜਦੋਂਕਿ ਦੂਜਾ ਲੁਟੇਰਾ ਘਰ ’ਚ ਅਲਮਾਰੀਆਂ ਦੇ ਲੌਕਰ ਫਰੋਲਣ ਲੱਗਾ। ਉਸ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਦੀ ਮਾਰਕੁੱਟ ਕੀਤੀ ਤੇ ਨਕਦੀ ਮੰਗੀ। ਉਨ੍ਹਾਂ ਨੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਧਮਕੀ ਦਿੱਤੀ। ਲੁਟੇਰਿਆਂ ਨੇ ਔਰਤ ਦੇ ਪਹਿਨੇ ਹੋਏ ਗਹਿਣੇ ਵੀ ਉਤਾਰ ਲਏ। ਉਸ ਨੇ ਦੱਸਿਆ ਕਿ ਲੁਟੇਰੇ ਆਖ ਰਹੇ ਸੀ ਕਿ ਉਨ੍ਹਾਂ ਨੂੰ ਨਸ਼ੇ ਵਾਸਤੇ ਪੈਸੇ ਚਾਹੀਦੇ ਹਨ। ਬਾਅਦ ’ਚ ਉਨ੍ਹਾਂ ਛੋਟੇ ਬੱਚੇ ਨੂੰ ਪੁੱਛਿਆ ਕਿ ਉਸ ਦੇ ਮਾਤਾ ਪਿਤਾ ਪੈਸੇ ਕਿੱਥੇ ਰੱਖਦੇ ਹਨ। ਇਹ ਲੁਟੇਰੇ ਅਲਮਾਰੀਆਂ ਤੇ ਲਾਕਰ ’ਚ ਰੱਖੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਗਏ।