ਪੱਤਰ ਪ੍ਰੇਰਕ
ਅੰਮ੍ਰਿਤਸਰ, 21 ਅਪਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਰੰਗਮੰਚ ਉਤਸਵ ਦੇ ਦੂਜੇ ਦਿਨ ਨਾਟਕ ‘ਜੂਠ’ ਦੀ ਸਫ਼ਲ ਪੇਸ਼ਕਾਰੀ ਹੋਈ। ਇਹ ਫੈਸਟੀਵਲ ਪੰਜਾਬੀ ਲੋਕ ਕਲਾ ਕੇਂਦਰ, ਗੁਰਦਾਸਪੁਰ ਅਤੇ ਆਵਾਜ਼ ਰੰਗਮੰਚ ਟੋਲੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਜਿੰਨਾ ਚਿਰ ਤਕ ਨਵੇਂ ਸਮਾਜ ਦੀ ਸਿਰਜਣਾ ਲਈ ਦਿਲਾਂ ਅਤੇ ਮਨਾਂ ਵਿੱਚ ਪਏ ਕੂੜੇ-ਕਰਕਟ ਜਿਹੇ ਵਿਚਾਰਾਂ ਨੂੰ ਬਾਹਰ ਕੱਢ ਕੇ ਨਹੀਂ ਸੁੱਟਦੇ, ਉਨਾ ਚਿਰ ਅਸੀਂ ਆਪਣੇ ਆਪ ਨੂੰ ਸਭਿਅਕ ਸਮਾਜ ਦਾ ਹਿੱਸਾ ਨਹੀਂ ਅਖਵਾ ਸਕਦੇ। ਉਨ੍ਹਾਂ ਇਸ ਮੌਕੇ ਜਿਥੇ ਆਪਣੀ ਲਿਖੀ ਸ਼ਾਇਰੀ ਦੇ ਰੰਗ ਵਿਖਾਏ। ਇਸ ਤੋਂ ਪਹਿਲਾਂ ਨਾਟਕ ਦੇ ਡਾਇਰੈਕਟਰ ਕੰਵਲ ਰੰਧੇਅ ਨੇ ਨਾਟਕ ਦੀ ਪੇਸ਼ਕਾਰੀ ਖਤਮ ਹੋਣ ਤੋਂ ਬਾਅਦ ਆਪਣਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਇੱਕ ਪਾਤਰੀ ਨਾਟਕ ਵਿੱਚ ਜਿਸ ਤਰ੍ਹਾਂ ਓਮ ਪ੍ਰਕਾਸ਼ ਵਾਲਮੀਕੀ ਦੇ ਪਾਤਰ ਨੂੰ ਬਚਨਪਾਲ ਨੇ ਸਟੇਜ ’ਤੇ ਜੀਅ ਕੇ ਵਿਖਾਇਆ ਹੈ, ਉਹ ਨਾਟਕ ਲੱਗ ਹੀ ਨਹੀਂ ਸੀ ਰਿਹਾ ਸਗੋਂ ਉਹ ਅਸਲ ਦਾ ਭੁਲੇਖਾ ਪਾ ਰਿਹਾ ਸੀ।