ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ/ਜਲੰਧਰ 19 ਫਰਵਰੀ
ਪੰਜਾਬ ਅਸੈਂਬਲੀ ਲਈ ਭਲਕੇ 20 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ ਮਾਝੇ-ਦੋਆਬੇ ਵਾਿਲਆਂ ਨੇ ਤਿਆਰੀ ਖਿੱਚ ਲਈ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ। ਅੰਮਿ੍ਤਸਰ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਕ੍ਰਮਵਾਰ 11 ਤੇ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਅੰਮ੍ਰਤਸਰ ਦੇ ਇਨ੍ਹਾਂ ਹਲਕਿਆਂ ਲਈ 117 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਥੇ ਕਈ ਹਲਕਿਆਂ ਵਿਚ ਸਖਤ ਮੁਕਾਬਲੇ ਹਨ, ਜਿਸ ਕਾਰਨ ਕਈ ਉਮੀਦਵਾਰਾਂ ਲਈ ਇਹ ਮੁਕਾਬਲੇ ਵੱਕਾਰ ਦਾ ਮੁਦਾ ਬਣੇ ਹੋਏ ਹਨ। ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਵੱਧ 15 ਉਮੀਦਵਾਰ ਅੰਮ੍ਰਿਤਸਰ ਦੱਖਣੀ ਅਤੇ ਸਭ ਤੋਂ ਘੱਟ 6 ਉਮੀਦਵਾਰ ਅੰਮ੍ਰਿਤਸਰ ਕੇਂਦਰੀ ਵਿਚ ਮੈਦਾਨ ਵਿਚ ਹਨ। ਕੁਲ 117 ਉਮੀਦਵਾਰਾਂ ਵਿਚੋਂ 40 ਉਮੀਦਵਾਰ ਆਜ਼ਾਦ ਹਨ, ਜਦੋਂਕਿ 43 ਕੌਮੀ ਤੇ ਸੂਬਾਈ ਸਿਆਸੀ ਪਾਰਟੀਆਂ ਨਾਲ ਸਬੰਧਤ ਹਨ। 34 ਉਮੀਦਵਾਰ ਰਜਿਸਟਰਡ ਪਾਰਟੀਆਂ ਨਾਲ ਸਬੰਧਤ ਹਨ। ਜ਼ਿਲ੍ਹੇ ਵਿਚ ਕੁਲ ਵੋਟਰਾਂ ਦੀ ਗਿਣਤੀ ਲਗਪਗ 19,79,932 ਹੈ।, ਜਿਸ ਵਿੱਚ 10,41,784 ਮਰਦ, 9,38,080 ਇਸਤਰੀਆਂ, 68 ਟਰਾਂਸਜੈਂਡਰ, 14918 ਵਿਸ਼ੇਸ਼ ਲੋੜਾਂ ਵਾਲੇ ਵੋਟਰ, 49279 ਵਡੇਰੀ ਉੱਮਰ ਵਾਲੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ 30216 ਉਹ ਨੌਜਵਾਨ ਵੋਟਰ ਹਨ, ਜਿਨ੍ਹਾਂ ਨੇ ਪਹਿਲੀ ਵਾਰ ਆਪਣੀ ਵੋਟ ਪਾਉਣੀ ਹੈ। ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ ਸਭ ਤੋਂ ਚਰਚਿਤ ਤੇ ਹਾਟ ਸੀਟ ਹੈ, ਜਿਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੱਕਾਰ ਦਾਅ ’ਤੇ ਲੱਗਾ ਹੈ। ਉਨਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਹਨ। ਇਸੇ ਤਰ੍ਹਾਂ ਉਪ ਮੁਖ ਮੰਤਰੀ ਓਪੀ ਸੋਨੀ ਕੇਂਦਰੀ ਵਿਧਾਨ ਸਭਾ ਹਲਕੇ, ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕੇ, ਅਟਾਰੀ ਤੋਂ ਸਾਬਕਾ ਅਕਾਲੀ ਮੰਤਰੀ ਗੁਲਜਾਰ ਸਿੰਘ ਰਣੀਕੇ ਅਤੇ ਮਜੀਠਾ ਹਲਕੇ ਤੋਂ ਅਕਾਲੀ ਉਮੀਦਵਾਰ ਗਨੀਵ ਕੌਰ ਪਤਨੀ ਬਿਕਰਮ ਸਿੰਘ ਮਜੀਠੀਆ ਦਾ ਵਕਾਰ ਵੀ ਦਾਅ ਤੇ ਹੈ।
ਜ਼ਿਲ੍ਹੇ ਵਿੱਚ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਵਾਸਤੇ ਨੀਮ ਫੌਜੀ ਬਲਾਂ ਦੀਆਂ 73 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 7 ਹਜ਼ਾਰ ਤੋਂ ਵਧੇਰੇ ਪੁਲੀਸ ਜਵਾਨ ਡਿਊਟੀ ’ਤੇ ਹੋਣਗੇ। ਕੁਲ 2218 ਪੋਲਿੰਗ ਬੂਥਾਂ ਵਿਚੋਂ 335 ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਅੰਮ੍ਰਿਤਸਰ ਦਾ ਪੂਰਬੀ, ਦੱਖਣੀ ਤੇ ਉਤਰੀ ਹਲਕੇ ਦੇ ਬੂਥ ਸ਼ਾਮਲ ਹਨ। ਇਸ ਤੋਂ ਇਲਾਵਾ ਦਿਹਾਤੀ ਖੇਤਰ ਵਿਚ ਰਾਜਾਸਾਂਸੀ, ਅਜਨਾਲਾ, ਜੰਡਿਆਲਾ ਅਤੇ ਮਜੀਠਾ ਵਿੱਚ ਸੰਵੇਦਨਸ਼ੀਲ ਬੂਥ ਹਨ।
ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ 13 ਪਿੰਕ ਅਤੇ 137 ਮਾਡਲ ਬੂਥ ਬਣਾਏ
ਅੰਮ੍ਰਿਤਸਰ: ਜ਼ਿਲ੍ਹੇ ਵਿਚ 13 ਪਿੰਕ ਤੇ 137 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜ਼ਿਲ੍ਹਾ ਚੋਣ ਅਫਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਿੰਕ ਬੂਥਾਂ ਉੱਪਰ ਕੇਵਲ ਮਹਿਲਾ ਸਟਾਫ ਹੀ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਬੂਥਾਂ ਨੂੰ ਗੁਲਾਬੀ ਰੰਗ ਵਿਚ ਰੰਗਿਆ ਗਿਆ ਹੈ। ਇਸ ਤੋਂ ਇਲਾਵਾ ਮਾਡਲ ਪੋਲਿੰਗ ਸਟੇਸ਼ਨਾਂ ਅੰਦਰ ਵੋਟਰਾਂ ਦੇ ਸਵਾਗਤ ਲਈ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਸਕਟ ‘ਸ਼ੇਰਾ’ ਦੇ ਕੱਟ ਆਊਟ ਲਗਾਉਣ ਤੋਂ ਇਲਾਵਾ ਰੰਗੋਲੀ ਬਣਾਉਣ, ਨਵੇਂ ਵੋਟਰਾਂ ਦਾ ਸਵਾਗਤ ਕਰਨ ਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ। ਇਸ ਦੇ ਨਾਲ ਹੀ ਵੋਟਾਂ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 189 ਸੈਕਟਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਵੋਟਰ ਆਈ.ਡੀ ਕਾਰਡ ਨਹੀਂ ਹੈ, ਉਹ ਦੂਸਰੇ ਫੋਟੋ ਸ਼ਨਾਖਤੀ ਕਾਰਡ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ।
ਬਲਾਚੌਰ: ਕਰੀਮਪੁਰ ਧਿਆਨੀ ਦੀ 105 ਸਾਲਾ ਬੀਬੀ ਸੰਤੋ ਨੇ ਘਰ ਵਿੱਚ ਹੀ ਕੀਤਾ ਮਤਦਾਨ
ਬਲਾਚੌਰ (ਨਿਜੀ ਪੱਤਰ ਪ੍ਰੇਰਕ): ਬਲਾਚੌਰ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ-ਕਮ-ਐੱਸ.ਡੀ.ਐੱਮ. ਬਲਾਚੌਰ ਦੀਪਕ ਰੁਹੇਲਾ ਵਲੋਂ ਜਾਰੀ ਨਿਰਦੇਸ਼ਾਂ ਤਹਿਤ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ( ਪੀ.ਡਬਲਯੂ.ਡੀ.) ਵੋਟਰਾਂ ਲਈ 6 ਸਪੈਸ਼ਲ ਪੋਲਿੰਗ ਪਾਰਟੀਆਂ ਗਠਿਤ ਕਰਕੇ ਘਰ-ਘਰ ਜਾ ਕੇ ਵੋਟਾਂ ਪੁਆਈਆਂ ਗਈਆਂ। ਇਸ ਤਹਿਤ ਅੱਜ ਸੜੋਆ ਬਲਾਕ ਦੇ ਪਿੰਡ ਕਰੀਮਪੁਰ ਧਿਆਨੀ ਤੋਂ 105 ਸਾਲਾ ਬੀਬੀ ਸੰਤੋ ਦੇਵੀ ਨੇ ਵੀ ਆਪਣੇ ਮਤ ਦਾ ਪ੍ਰਯੋਗ ਕਰਕੇ ਲੋਕਤੰਤਰਿਕ ਪ੍ਰਕਿਰਿਆ ਵਿੱਚ ਹਿੱਸਾ ਲਿਆ। ਇਸ ਮੌਕੇ ਬੀਬੀ ਸੰਤੋ ਦੇਵੀ ਨੇ ਕਿਹਾ ਕਿ ਉਸ ਨੂੰ ਘਰ ਵਿੱਚ ਹੀ ਆਪਣੇ ਮਨਚਾਹੇ ਉਮੀਦਵਾਰ ਨੂੰ ਵੋਟ ਪਾ ਕੇ ਕਾਫੀ ਚੰਗਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਇਹ ਫੈਸਲਾ ਸਹੀ ਹੈ।