ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਨਵੰਬਰ
ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮੱਲ ਅਖਾੜਾ ਸਾਹਿਬ, ਬੁਰਜ ਬਾਬਾ ਫੂਲਾ ਸਿੰਘ ਅਕਾਲੀ ਤੋਂ ਮਹੱਲੇ ਦੀ ਆਰੰਭਤਾ ਹੋਈ। ਇਸ ਤੋਂ ਪਹਿਲਾਂ ਗੁਰਦੁਆਰਾ ਮੱਲ ਅਖਾੜਾ ਵਿਖੇ ਅਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਦੀ ਮਰਿਯਾਦਾ ਅਨੁਸਾਰ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ, ਸੰਤ ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਸੁਖਵਿੰਦਰ ਸਿੰਘ ਮੌਰ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਬਾਬਾ ਇੰਦਰ ਸਿੰਘ ਅਤੇ ਸਕੱਤਰ ਬਾਬਾ ਦਿਲਜੀਤ ਸਿੰਘ ਬੇਦੀ ਨੇ ਬੁੱਢਾ ਦਲ ਦੇ ਇਤਿਹਾਸ ਅਤੇ ਨਿਹੰਗ ਸਿੰਘਾਂ ਦੇ ਜੀਵਨ ਸਬੰਧੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ।
ਬਾਬਾ ਬਲਬੀਰ ਸਿੰਘ ਨੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਪੂਰਨ ਅਤੇ ਸ਼ਾਨਮੱਤਾ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਹਰ ਸਮੇਂ ਚੜ੍ਹਦੀ ਕਲਾ ’ਚ ਰਹਿੰਦਿਆਂ ਕੌਮ ਦੀ ਬੇਹਤਰੀ ਲਈ ਤੱਤਪਰ ਰਹਿਣਾ ਚਾਹੀਦਾ ਹੈ। ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਨਿਹੰਗ ਸਿੰਘਾਂ ਦਾ ਕਾਫਲਾ ਸ਼ੇਰਾਂਵਾਲਾ ਗੇਟ, ਮਹਾਂਸਿੰਘ ਗੇਟ, ਚੌਕ ਰਾਮਬਾਗ, ਹਾਲ ਗੇਟ, ਕਿਲਾ ਗੋਬਿੰਦਗੜ੍ਹ ਰਾਹੀਂ ਰੇਲਵੇ ਗਰਾਊਂਡ ਪਹੁੰਚਿਆ।
ਨਿਹੰਗ ਦਲਾਂ ਦੇ ਮੁਖੀਆਂ ਦਾ ਸਨਮਾਨ
ਬੰਦੀ ਛੋੜ ਦਿਵਸ ਮੌਕੇ ਪੁਰਾਤਨ ਪਰੰਪਰਾ ਅਨੁਸਾਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ, ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਗੁਰਮੁੱਖ ਸਿੰਘ, ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਵੱਲੋਂ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਮੁਖੀ ਤਰਨਾ ਦਲ ਜਥੇਦਾਰ ਬਾਬਾ ਅਵਤਾਰ ਸਿੰਘ, ਬਾਬਾ ਬਿਧੀ ਚੰਦ ਸੁਰਸਿੰਘ, ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ, ਮੁਖੀ ਤਰਨਾ ਦਲ ਬਾਬਾ ਬਕਾਲਾ ਬਾਬਾ ਗੱਜਣ ਸਿੰਘ, ਖਾਲਸਾ ਮੁਖੀ ਦਮਦਮੀ ਟਕਸਾਲ ਮਹਿਤਾ ਬਾਬਾ ਹਰਨਾਮ ਸਿੰਘ ਨੂੰ ਸਿਰਪਾਓ ਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।