ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 25 ਮਈ
ਹਲਕਾ ਪੂਰਬੀ ਦੀ ਵਾਰਡ ਨੰਬਰ 22 ਵਿੱਚ ਪੈਂਦੇ ਇਲਾਕਿਆਂ ਵਿੱਚ ਨਗਰ ਨਿਗਮ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੌਕੇ ’ਤੇ ਜਾ ਕੇ ਨਿਰੀਖਣ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ। ਉਨ੍ਹਾਂ ਨਾਲ ਇਲਾਕਾ ਕੌਂਸਲਰ ਜਸਵਿੰਦਰ ਸਿੰਘ ਲਾਡੋ ਪਹਿਲਵਾਨ ਤੋਂ ਇਲਾਵਾ ਨਗਰ ਨਿਗਮ ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਇਲਾਕਾ ਐੱਸ.ਐੱਚ.ਓ ਅਮਲੇ ਸਮੇਤ ਹਾਜ਼ਰ ਸਨ। ਮੇਅਰ ਵੱਲੋਂ ਇਲਾਕਾ ਨਿਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਤੁਰੰਤ ਹੱਲ ਲਈ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਨਿਰਦੇਸ਼ ਦਿੱਤੇ ਗਏ।ਮੇਅਰ ਰਿੰਟੂ ਨੇ ਕਿਹਾ ਕਿ ਨਗਰ ਨਿਗਮ ਵਲੋਂ ਕਰੋੜਾਂ ਦੇ ਵਿਕਾਸ ਦੇ ਕੰਮ ਪਾਸ ਕੀਤੇ ਗਏ ਹਨ।ਜ਼ਿਨ੍ਹਾਂ ਵਿੱਚ ਤਕਰੀਬਨ ਸਾਰੇ ਕੰਮ ਹੋ ਚੱਕੇ ਹਨ।ਰਹਿ ਗਏ ਵਿਕਾਸ ਦੇ ਕੰਮਾਂ ਦੀ ਰਫ਼ਤਾਰ ’ਤੇ ਵਕਤੀ ਅਸਰ ਪਿਆ ਹੈ, ਜਿਸ ਦਾ ਤੁਰੰਤ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪੀਣ ਵਾਲੇ ਸ਼ੁੱਧ ਪਾਣੀ ਦੀਆਂ ਪਾਈਪਾਂ ਵਿਛਾਉਣ ਦੇ ਕੰਮ ਦੇ ਨਾਲ-ਨਾਲ ਇਲਾਕੇ ਦੇ ਸੁੰਦਰੀਕਰਣ ਦਾ ਕੰਮ ਵੀ ਜਲਦ ਹੀ ਸ਼ੁਰੂ ਹੋ ਜਾਵੇਗਾ।ਇਸ ਮੌਕੇ ਗਰੀਸ਼ ਸ਼ਰਮਾ, ਰਾਣਾ ਸੰਧੂ, ਨਗਰ ਨਿਗਮ ਦੇ ਅਧਿਕਾਰੀ ਨਿਗਰਾਨ ਇੰਜੀਨੀਅਰ ਅਨੁਰਾਗ ਮਹਾਜਨ, ਐਕਸੀਅਨ ਭਲਿੰਦਰ ਸਿੰਘ, ਐੱਸ.ਡੀ.ਓ ਰਾਜਵਿੰਦਰ ਸਿੰਘ, ਸਿਹਤ ਅਫ਼ਸਰ ਯੌਗੇਸ਼ ਅਰੋੜਾ, ਐਸ.ਆਈ ਦਿਲਬਾਗ ਸਿੰਘ ਆਦਿ ਹਾਜ਼ਰ ਸਨ।