ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 10 ਮਈ
ਸ਼ਹਿਰ ਦੀ ਸੀਵਰੇਜ ਪ੍ਰਣਾਲੀ ਨੂੰ ਹੋਰ ਬੇਹਤਰ ਕਰਨ ਲਈ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਤਕਰੀਬਨ 4 ਕਰੋੜ ਰੁਪਏ ਦੀ ਲਾਗਤ ਨਾਲ ਖਰੀਦ ਕੀਤੀਆਂ ਗਈਆਂ 5 ਸੀਵਰੇਜ ਸੱਕਸ਼ਨ-ਕਮ-ਜੈਟਿੰਗ ਮਸ਼ੀਨਾਂ ਸਮਰੱਥਾ 4000 ਲੀਟਰ, 2 ਸੱਕਸ਼ਨ-ਕਮ-ਜੈਟਿੰਗ ਮਸ਼ੀਨਾਂ ਸਮਰੱਥਾ 8000 ਲਿਟਰ ਅਤੇ 1 ਟਰੱਕ ਮਾਊਂਟਿਡ ਸੁਪਰ ਸੱੱਕਰ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹਨਾਂ ਸੀਵਰੇਜ ਕਲੀਨਿੰਗ ਮਸ਼ੀਨਾਂ ਨਾਲ ਸ਼ਹਿਰ ਦੀ ਸੀਵਰੇਜ ਬਲਾਕੇਜ ਨਾਲ ਸਬੰਧਤ ਸ਼ਿਕਾਇਤਾਂ ਦਾ ਤੁਰੰਤ ਤੇ ਪ੍ਰਭਾਵੀ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਇਸ ਦਾ ਭਰਪੂਰ ਫਾਇਦਾ ਹੋਵੇਗਾ। ਮੇਅਰ ਰਿੰਟੂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਤਕਰੀਬਨ 2000 ਕਿਲੋਮੀਟਰ ਸੀਵਰੇਜ ਲਾਈਨਾਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਸ਼ਹਿਰ ਦੇ ਵਿਕਾਸ ਲਈ ਉਲੀਕੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ ਜਿਨ੍ਹਾਂ ਵਿੱਚ ਤਕਰੀਬਨ 50 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ। ਇਸ ਮੌਕੇ ਵਧੀਕ ਕਮਿਸ਼ਨਰ ਹਰਦੀਪ ਸਿੰਘ, ਨਿਗਰਾਨ ਇੰਜੀਨੀਅਰ ਸਤਿੰਦਰ ਕੁਮਾਰ,ਕਾਰਜਕਾਰੀ ਇੰਜਨੀਅਰ ਪ੍ਰਦੀਪ ਸਲੂਜਾ, ਬਲਜੀਤ ਸਿੰਘ, ਰਜਿੰਦਰ ਸਿੰਘ ਮਰੜ੍ਹੀ, ਐੱਸ.ਡੀ.ਓ ਹਰਜਿੰਦਰ ਸਿੰਘ, ਜੇ.ਈ ਕੁਲਵਿੰਦਰ ਸਿੰਘ, ਰਮਨ ਕੁਮਾਰ, ਨੀਤਿਨ ਧੀਰ, ਕੰਵਰ ਵਿਸ਼ਵਦੀਪ ਸਿੰਘ ਅਤੇ ਕਰਮਚਾਰੀ ਹਾਜ਼ਰ ਸਨ।