ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਮਾਰਚ
ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਉਸ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਉਣ ਦੇ ਮਾਮਲੇ ਸਬੰਧੀ ਮੀਟਿੰਗ ਸੱਦਣ ਦੀ ਕੀਤੀ ਗਈ ਮੰਗ ਦੇ ਜਵਾਬ ਵਿੱਚ 21 ਮਾਰਚ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਸੱਦੀ ਹੈ।
ਇਸ ਸਬੰਧ ਵਿੱਚ ਨਗਰ ਨਿਗਮ ਦੀ ਏਜੰਡਾ ਸ਼ਾਖਾ ਦੇ ਸਕੱਤਰ ਵੱਲੋਂ ਸਮੂਹ ਕੌਂਸਲਰਾਂ ਨੂੰ ਮੀਟਿੰਗ ਸਬੰਧੀ ਪੱਤਰ ਭੇਜਿਆ ਗਿਆ ਹੈ। ਇਸ ਪੱਤਰ ਵਿੱਚ ਉਸ ਨੇ ਮੇਅਰ ਵੱਲੋਂ 28 ਫਰਵਰੀ ਨੂੰ ਭੇਜੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ 21 ਮਾਰਚ ਨੂੰ ਸ਼ਾਮ ਚਾਰ ਵਜੇ ਨਿਗਮ ਦੇ ਮੁਖ ਦਫਤਰ ਦੇ ਹਾਲ ਵਿੱਚ ਸੱਦੀ ਗਈ ਹੈ। ਇਸ ਦੀ ਸੂਚਨਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ। ਦੱਸਣਯੋਗ ਹੈ ਕਿ ਮੇਅਰ ਕਰਮਜੀਤ ਸਿੰਘ ਰਿੰਟੂ ਪੰਜਾਬ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਕਾਂਗਰਸ ਨੂੰ ਛੱਡਣ ਮਗਰੋਂ ਕਾਂਗਰਸ ਦੇ ਕੌਂਸਲਰਾਂ ਵਲੋਂ ਸ੍ਰੀ ਰਿੰਟੂ ਨੂੰ ਮੇਅਰ ਦੇ ਅਹੁਦੇ ਤੋਂ ਹਟਾਉਣ ਲਈ ਮੁਹਿੰਮ ਚਲਾਈ ਸੀ। ਕੌਂਸਲਰਾਂ ਨੇ ਇਸ ਸਬੰਧ ਵਿੱਚ ਨਿਗਮ ਦੇ ਕਮਿਸ਼ਨਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਪੱਤਰ ਭੇਜੇ ਸਨ, ਜਿਸ ਵਿੱਚ ਮੇਅਰ ਪ੍ਰਤੀ ਬੇਭਰੋਸਗੀ ਦਾ ਮਤਾ ਲਿਆਉਣ ਲਈ ਹੰਗਾਮੀ ਮੀਟਿੰਗ ਸੱਦਣ ਲਈ ਮੰਗ ਕੀਤੀ ਸੀ। ਇਸ ਸਬੰਧ ਵਿਚ ਚਾਰ ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ ਤੇ ਮੀਟਿੰਗ ਨਾ ਸੱਦਣ ਦੀ ਸੂਰਤ ਵਿੱਚ 7 ਮਾਰਚ ਨੂੰ ਆਪੇ ਹੀ ਮੀਟਿੰਗ ਕਰਨ ਦਾ ਦਾਅਵਾ ਕੀਤਾ ਸੀ।