ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਜੁਲਾਈ
ਜੱਲ੍ਹਿਆਂਵਾਲਾ ਬਾਗ਼ ਵਿੱਚ ਇਤਿਹਾਸਕ ਤੱਥਾਂ ਦੇ ਪੰਜਾਬੀ ਅਨੁਵਾਦ ਵਿਚ ਤਰੁੱਟੀਆਂ ਦਾ ਮਾਮਲਾ ਕੇਂਦਰੀ ਸਭਿਆਚਾਰਕ ਮਾਮਲੇ ਬਾਰੇ ਮੰਤਰਾਲੇ ਕੋਲ ਪੁੱਜ ਗਿਆ ਹੈ। ਇਸ ਸਬੰਧੀ ਜੱਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰੱਸਟ ਦੇ ਮੈਂਬਰ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਕੇਂਦਰੀ ਮੰਤਰੀ ਜੀ ਕ੍ਰਿਸ਼ਨ ਰੈੱਡੀ ਨੂੰ ਪੱਤਰ ਭੇਜ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਕ ਪੱਤਰ ਕੇਂਦਰੀ ਸਭਿਆਚਾਰਕ ਮਾਮਲੇ ਬਾਰੇ ਮੰਤਰਾਲੇ ਦੇ ਸਕੱਤਰ ਗੋਬਿੰਦ ਮੋਹਨ ਨੂੰ ਵੀ ਭੇਜਿਆ ਹੈ। ਇਸ ਸਬੰਧੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦੀਆਂ ਇਨ੍ਹਾਂ ਤਰੁੱਟੀਆਂ ਬਾਰੇ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਇਸ ਤੋਂ ਪਹਿਲਾਂ ਪਿਛਲੀ ਮੀਟਿੰਗ ਦੌਰਾਨ ਵੀ ਉਨ੍ਹਾਂ ਨੇ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਵਿੱਚ ਕੁਝ ਤਰੁੱਟੀਆਂ ਬਾਰੇ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਤਰੁੱਟੀਆਂ ਸਬੰਧੀ ਹੀ ‘ਟ੍ਰਿਬਿਊਨ’ ਅਦਾਰੇ ਦੀਆਂ ਅਖ਼ਬਾਰਾਂ ਵਿੱਚ ਪ੍ਰਮੁੱਖਤਾ ਨਾਲ ਖਬਰਾਂ ਛਪੀਆਂ ਹਨ ਅਤੇ ਇੰਟਕ ਜਥੇਬੰਦੀ ਨੇ ਇਨ੍ਹਾਂ ਤਰੁੱਟੀਆਂ ਵੱਲ ਧਿਆਨ ਦਿਵਾਇਆ ਹੈ। ਉਨ੍ਹਾਂ ਨੇ ਅਖ਼ਬਾਰਾਂ ਦੀਆਂ ਕਤਰਨਾਂ ਵੀ ਵਿਭਾਗ ਨੂੰ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਇਤਿਹਾਸਕ ਤੱਥਾਂ ਦੇ ਪੰਜਾਬੀ ਅਨੁਵਾਦ ਵਿੱਚ ਵੱਡੀਆਂ ਤਰੁੱਟੀਆਂ ਹਨ ਜੋ ਕਿ ਇਕ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਕਿ ਜੇਕਰ ਅਜਿਹਾ ਅਨੁਵਾਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਕਰਵਾਇਆ ਜਾਵੇ।