ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 21 ਜਨਵਰੀ
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 22 ਮਾਰਚ ਤੋਂ ਬੰਦ ਹੋਏ ਅੱਜ ਇਥੋਂ ਦੇ ਕਾਲਜ ਪੂਰੀ ਤਰ੍ਹਾਂ ਖੁੱਲ੍ਹ ਗਏ, ਜਿਸ ਨਾਲ ਅੱਜ ਕਾਲਜਾਂ ਵਿਚ ਰੌਣਕ ਪਰਤ ਆਈ। ਯੂਨੀਵਰਸਿਟੀ ਸਾਲਾਨਾ ਇਮਤਿਹਾਨਾਂ ਕਾਰਨ ਪਹਿਲਾਂ ਹੀ ਖੁੱਲ੍ਹ ਗਈ ਸੀ ਤੇ ਅੱਜ ਕੱਲ੍ਹ ਯੂਨੀਵਰਸਿਟੀ ਵਿਭਾਗਾਂ ਦੇ ਆਫ ਲਾਈਨ ਇਮਤਿਹਾਨ ਚਲ ਰਹੇ ਹਨ। ਖਾਲਸਾ ਕਾਲਜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖਾਲਸਾ ਕਾਲਜ ਦੇ ਸਮੁੱਚੇ 6 ਹਜ਼ਾਰ ਵਿਦਿਆਰਥੀਆਂ ਵਿਚੋਂ ਅੱਜ ਤਿੰਨ ਹਜ਼ਾਰ ਦੇ ਲਗਪਗ ਵਿਦਿਆਰਥੀ ਕਾਲਜ ਪੁੱਜੇ। ਕਲਾਸਾਂ ਵੀ ਲੱਗੀਆਂ। ਕੰਟੀਨਾਂ ਵਿਚ ਵੀ ਕਾਫੀ ਭੀੜ ਰਹੀ। ਗਰਾਉੂਂਡਾਂ ਵਿਚ ਵੀ ਵਿਦਿਆਰਥੀ/ਵਿਦਿਆਰਥਣਾਂ ਨੇ ਧੁੱਪ ਸੇਕੀ। ਖਾਲਸਾ ਕਾਲਜ ਫਾਰ ਵਿਮੈਨ ਵਿਚ ਵਿਦਿਆਰਥਣਾਂ ਅੱਧੀ ਨਾਲੋਂ ਵੀ ਵੱਧ ਗਿਣਤੀ ਵਿਚ ਪੁੱਜੀਆਂ। ਵਿਦਿਆਰਥੀਆਂ ਦੇ ਚਿਹਰੇ ਅੱਜ ਖਿੜੇ ਹੋਏ ਸਨ। ਲੰਮੇ ਸਮੇਂ ਤੋਂ ਲਾਇਬ੍ਰੇਰੀਆਂ ਵਿਚ ਪਸਰੀ ਸੁੰਨ ਅੱਜ ਖਤਮ ਹੋ ਗਈ ਅਤੇ ਅੱਜ ਰੌਣਕ ਵੇਖਣ ਨੂੰ ਮਿਲੀ।