ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਸਤੰਬਰ
ਟੋਕੀਓ ਓਲੰਪਿਕ-2020 ਵਿੱਚ ਹਿੱਸਾ ਲੈਣ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਐਸ਼ਵਰ ਪ੍ਰਤਾਪ ਸਿੰਘ ਤੋਮਰ ਅਤੇ ਆਸ਼ੀ ਚੋਕਸੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ.(ਡਾ.) ਜਸਪਾਲ ਸਿੰਘ ਸੰਧੂ ਵੱਲੋਂ ਅੱਜ ਸਨਮਾਨਤ ਕੀਤਾ ਗਿਆ। ਐਸ਼ਵਰ ਪ੍ਰਤਾਪ ਸਿੰਘ ਤੋਮਰ ਨੇ ਜੁਲਾਈ 2022 ਵਿੱਚ ਕੋਰੀਆ ਵਿੱਚ ਹੋਈ ਵਿਸ਼ਵ ਕੱਪ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਅਤੇ ਆਸ਼ੀ ਚੋਕਸੀ ਨੇ ਜੂਨ 2022 ਵਿੱਚ ਜਰਮਨੀ ਵਿੱਚ ਹੋਈ ਵਿਸ਼ਵ ਕੱਪ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਅਤੇ ਕੋਰੀਆ ਵਿੱਚ ਹੋਈ ਜੁਲਾਈ 2022 ਵਿੱਚ ਵਿਸ਼ਵ ਕੱਪ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਪ ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਆਉਣ ਵਾਲੇ ਦਿਨਾਂ ਵਿੱਚ ਆਪਣਾ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਆਯੋਜਿਤ ਕਰਨ ਜਾ ਰਹੀ ਹੈ ਜਿਸ ਵਿੱਚ ਯੂਨੀਵਰਸਿਟੀ ਦੇ ਖਿਡਾਰੀਆਂ ਨੂੰ ਲਗਪਗ ਦੋ ਕਰੋੜ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ.ਸਰਬਜੋਤ ਸਿੰਘ ਬਹਿਲ, ਡਾ. ਹਰਦੀਪ ਸਿੰਘ ਓਐੱਸਡੀ, ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਦਿਆਰਥੀ ਭਲਾਈ ਡਾ.ਅਨੀਸ਼ ਦੁਆ ਹਾਜ਼ਰ ਸਨ।