ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਅਗਸਤ
ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 30ਵੀਂ ਬਰਸੀ ਮੌਕੇ ਅੱਜ ਸੰਸਥਾ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਅਤੇ ਮਰੀਜ਼ਾਂ ਵਲੋਂ ਇਥੇ ਮੁੱਖ ਦਫਤਰ ਵਿਖੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸੰਸਥਾ ਵਲੋ ਬਰਸੀ ਸਬੰਧੀ ਸਮਾਗਮਾਂ ਦੀ ਅਜ ਤੋਂ ਸ਼ੁਰੂਆਤ ਹੋ ਗਈ ਹੈ, ਜੋ ਕਿ 5 ਅਗਸਤ ਤੱਕ ਚਲਣਗੇ। ਅੱਜ ਸਮਾਗਮਾਂ ਦੀ ਸ਼ੁਰੂਆਤ ਕਰਦਿਆ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਆਏ ਮਹਿਮਾਨਾਂ ਅਤੇ ਸੰਗਤ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨੇ ਬਰਸੀ ਸਮਾਗਮਾ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਉਨਾਂ ਨੇ ਭਗਤ ਪੂਰਨ ਸਿੰਘ ਵਲੋਂ ਕੀਤੇ ਕਾਰਜਾਂ ਬਾਰੇ ਵੀ ਦੱਸਿਆ। ਪਿੰਗਲਵਾੜਾ ਦੇ ਸਪੈਸ਼ਲ ਸਕੂਲ ਦੇ ਬੱਚਿਆਂ ਵਲੋਂ ਇਕ ਗੀਤ ਦੁਆਰਾ ਸਿੱਖ ਵਿਦਵਾਨ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਨੀ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਫ ਸਾਈਂਸ ਅਤੇ ਹਸਪਤਾਲ ਦੇ ਮਨੋਰੋਗ ਮਾਹਰ ਡਾ. ਸਨੇਹ ਕੁਮਾਰ ਦਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪਹਿਲੀ ਵਾਰ ਭਗਤ ਜੀ ਦੀ ਬਰਸੀ ਮੌਕੇ ਸਮੂੰਹ ਵਾਰਡਾਂ ਦੇ ਮਰੀਜ਼ਾਂ ਨੇ ਵੀ ਹਿੱਸਾ ਲਿਆ ,ਜਿਸ ਵਿਚ ਉਨ੍ਹਾਂ ਵਲੋਂ ਸ਼ਬਦ ਕੀਰਤਨ, ਗਿੱਧਾ, ਭੰਗੜਾ, ਕਵਿਤਾਵਾਂ, ਨਾਚ-ਗਾਣੇ ਆਦਿ ਦੀ ਪੇਸ਼ਕਾਰੀ ਕੀਤੀ। ਡਾ. ਗੋਗੋਆਨੀ ਨੇ ਕਿਹਾ ਕਿ ਭਗਤ ਪੂਰਨ ਸਿੰਘ ਦੀ ਸੇਧ ਸਦਕਾ ਅਜ ਪਿੰਗਲਵਾੜਾ ਬਹੁਤ ਤਰੱਕੀ ਕਰ ਗਿਆ ਹੈ।