ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 22 ਨਵੰਬਰ
ਚਾਟੀਵਿੰਡ ਚੌਕ ਦੇ ਕੋਲ ਨਗਰ ਨਿਗਮ ਦੀ ਉਹ ਜਗ੍ਹਾ ਜਿਸ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੋਰਟ ਕੇਸ ਪੈਡਿੰਗ ਹੈ ਅਤੇ ਸਟੇਅ ਲੱਗਾ ਹੋਇਆ ਹੈ, ਉੱਤੇ ਕੁੱਝ ਵਿਅਕਤੀਆਂ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਸਬੰਧੀ ਮਿਲੀ ਸ਼ਿਕਾਇਤ ਬਾਅਦ ਵਿਭਾਗ ਨੇ ਉਸਾਰੀ ਰੁਕਵਾ ਦਿੱਤੀ ਹੈ।
ਅਸਟੇਟ ਵਿਭਾਗ ਦੀ ਟੀਮ ਵਲੋਂ ਚਾਟੀਵਿੰਡ ਚੌਂਕ ਦੀ ਪੁਲੀਸ ਦੀ ਸਹਾਇਤਾ ਨਾਲ ਮੌਕੇ ’ਤੇ ਹੀ ਉਸਾਰੀ ਨੂੰ ਰੋਕ ਦਿੱਤਾ ਗਿਆ ਹੈ। ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਨੇ ਅੱਜ ਗੋਲਡਨ ਕਲਾਥ ਮਾਰਕੀਟ ਵਿੱਚ ਨਜਾਇਜ਼ ਕਬਜ਼ਿਆਂ ਸਬੰਧੀ ਆ ਰਹੀਆਂ ਸ਼ਿਕਾਇਤਾਂ ਦਾ ਨਿਪਟਾਰੇ ਲਈ ਦੁਕਾਨਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਰਕੀਟ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮਾਰਕੀਟ ਵਿੱਚ ਕੁੱਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਮਹਿੰਦੀ ਲਗਾਉਣ ਵਾਲੇ ਬਿਠਾਏ ਹਨ ਅਤੇ ਉਹ ਇਨ੍ਹਾਂ ਤੋਂ ਰੋਜ਼ਾਨਾ ਪੈਸੇ ਵਸੂਲਦੇ ਹਨ, ਜਿਸ ਕਾਰਨ ਮਾਰਕੀਟ ਵਿੱਚ ਬਿਨਾਂ ਕਿਸੇ ਕਾਰਨ ਕਾਫੀ ਭੀੜ ਰਹਿੰਦੀ ਹੈ। ਨੁਮਾਇੰਦਿਆਂ ਨੇ ਇਹ ਵੀ ਦੱਸਿਆ ਕਿ ਮਾਰਕੀਟ ਦੇ ਕੁੱਝ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਆਪਣਾ ਸਾਮਾਨ ਹੱਦ ਤੋਂ ਜਿਆਦਾ ਖਲਾਰ ਦਿੰਦੇ ਹਨ ਜਿਸ ਕਾਰਨ ਆਉਣ-ਜਾਣ ਵਾਲਿਆਂ ਰਾਹਗੀਰਾਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸਟੇਟ ਅਫਸਰ ਨੇ ਕਿਹਾ ਕਿ ਮਾਰਕੀਟ ਦੇ ਨੁਮਾਇੰਦਿਆਂ ਨਾਲ ਚਰਚਾ ਉਪਰੰਤ ਫੈਸਲਾ ਕੀਤਾ ਗਿਆ ਕਿ ਦੁਕਾਨਦਾਰ ਆਪਣੇ ਤੌਰ ’ਤੇ ਦੋ ਦਿਨਾਂ ਦੇ ਅੰਦਰ-ਅੰਦਰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਲਗਾ ਲੈਣਗੇ ਅਤੇ ਉਸ ਤੋਂ ਬਾਅਦ ਬਾਹਰ ਲਗਾਇਆ ਸਮਾਨ ਬਿਨਾਂ ਨੋਟਿਸ ਦਿੱਤੇ ਕਬਜ਼ੇ ਵਿੱਚ ਲੈ ਲਿਆ ਜਾਵੇਗਾ ਅਤੇ ਵਾਪਿਸ ਨਹੀਂ ਕੀਤਾ ਜਾਵੇਗਾ। ਕੋਈ ਵੀ ਦੁਕਾਨਦਾਰ ਕਿਸੇ ਮਹਿੰਦੀ ਵਾਲੇ ਨੂੰ ਆਪਣੀ ਦੁਕਾਨ ਦੇ ਬਾਹਰ ਨਹੀਂ ਬਿਠਾਏਗਾ। ਜੇ ਦੁਕਾਨਦਾਰ ਨੇ ਮਹਿੰਦੀ ਦਾ ਕੰਮ ਕਰਨਾ ਹੈ ਤਾਂ ਦੁਕਾਨਦਾਰ ਮਹਿੰਦੀ ਵਾਲੇ ਨੂੰ ਆਪਣੀ ਦੁਕਾਨ ਦੇ ਅੰਦਰ ਬਿਠਾਏਗਾ ਅਤੇ ਸਾਰਾ ਕੰਮ ਦੁਕਾਨ ਦੇ ਅੰਦਰ ਹੀ ਕਰੇਗਾ। ਉਨ੍ਹਾਂ ਕਿਹਾ ਕਿ ਚਾਟੀਵਿੰਡ ਚੌਕ ਦੇ ਕੋਲ ਨਗਰ ਨਿਗਮ ਦੀ ੳੇੁਹ ਜਗਾ, ਜਿਸ ਦਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੋਰਟ ਕੇਸ ਪੈਡਿੰਗ ਹੈ ਅਤੇ ਸਟੇਅ ਲੱਗਾ ਹੋਇਆ ਹੈ, ਉਸ ਸਬੰਧੀ ਸ਼ਿਕਾਇਤ ਮਿਲੀ ਕਿ ਕੁੱਝ ਵਿਅਕਤੀਆਂ ਵਲੋਂ ਇਸ ਜਗਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਅਸਟੇਟ ਵਿਭਾਗ ਦੀ ਟੀਮ ਵਲੋਂ ਚਾਟੀਵਿੰਡ ਚੌਂਕ ਦੀ ਪੁਲੀਸ ਦੀ ਸਹਾਇਤਾ ਨਾਲ ਮੌਕੇ ’ਤੇ ਰੋਕ ਦਿੱਤਾ ਗਿਆ ਅਤੇ ਉਥੇ ਮੌਜ਼ੂਦ ਅਣਪਛਾਤਿਆਂ ਨੂੰ ਹਦਾਇਤ ਕੀਤੀ ਗਈ ਕਿ ਸਟੇਅ ਅਧੀਨ ਇਸ ਜਗ੍ਹਾ ’ਤੇ ਕੋਈ ਵੀ ਉਸਾਰੀ ਨਾ ਕੀਤੀ ਜਾਵੇ। ਉਨਾਂ ਕਿਹਾ ਕਿ ਅਗਲੇਰੀ ਕਾਰਵਾਈ ਕਰਨ ਲਈ ਮਾਮਲਾ ਉੱਚ-ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਪੁਲੀਸ ਦੀ ਨਿਗਰਾਨੀ ਅਧੀਨ ਇਸ ਜਗ੍ਹਾ ’ਤੇ ਕੀਤੀ ਗਈ ਨਜਾਇਜ਼ ਉਸਾਰੀ ਢਾਹ ਦਿੱਤੀ ਜਾਵੇਗੀ। ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ ਇੰਸਪੈਕਟਰ, ਅਰੁਣ ਸਹਿਜਪਾਲ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਦੇ ਮੁਲਾਜ਼ਮ ਸ਼ਾਮਿਲ ਸਨ।