ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਜੂਨ
ਸਿੱਖ ਵਿੱਦਿਅਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸੰਸਥਾ ਦੇ ਅਧੀਨ ਚੱਲ ਰਹੇ 50 ਸਕੂਲਾਂ, ਕਾਲਜਾਂ ਅਤੇ ਅਦਾਰਿਆਂ ਵਿਚ ਵਾਤਾਵਰਨ ਦੀ ਸਵੱਛਤਾ ਲਈ ਗੁਰੂ ਨਾਨਕ ਦੇਵ ਦੇ ਨਾਮ ’ਤੇ ਪੌਦੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਬਰਸਾਤੀ ਮੌਸਮ ਦੇ ਮੱਦੇਨਜ਼ਰ ਸਕੂਲਾਂ/ਕਾਲਜਾਂ ਵਿਚ ਮੀਂਹ ਦੇ ਪਾਣੀ ਨੂੰ ਜਮ੍ਹਾਂ ਕਰਕੇ ਦੁਬਾਰਾ ਧਰਤੀ ਹੇਠ ਭੇਜਣ ਲਈ ਵਿਸ਼ੇਸ਼ ਪ੍ਰਬੰਧ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਦੀਵਾਨ ਦੇ ਆਗੂਆਂ ਦੀ ਇਕ ਮੀਟਿੰਗ ਵਿਚ ਕੀਤਾ ਗਿਆ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ ਨੇ ਵੱਧ ਰਹੇ ਪ੍ਰਦੂਸ਼ਣ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰ ਇਕ ਮਨੁੱਖ ਨੂੰ ਆਉਣ ਵਾਲੀ ਪੀੜ੍ਹੀ ਦੀ ਸਿਹਤ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾ ਕੇ ਹਰਿਆਵਲ ਵਧਾਉਣੀ ਚਾਹੀਦੀ ਹੈ। ਉਨ੍ਹਾਂ ਵਿਕਾਸ ਕਰਦਿਆਂ ਕੁਦਰਤੀ ਸਾਧਨਾਂ ਨਾਲ ਤਾਲਮੇਲ ਬਣਾ ਕੇ ਸੰਤੁਲਿਤ ਵਾਤਾਵਰਨ ਵਿਚ ਜੀਵਨ ਜਿਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਸਿੱਖ ਵਿਦਿਅਕ ਕਾਨਫਰੰਸ ਭਾਈ ਵੀਰ ਸਿੰਘ ਨੂੰ ਸਮਰਪਿਤ ਕਰਨ ਦਾ ਐਲਾਨ
ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਦੀ ਪ੍ਰਧਾਨਗੀ ਹੇਠ ਹੋਈ ਐਜੂਕੇਸ਼ਨਲ ਕਮੇਟੀ ਦੀ ਮੀਟਿੰਗ ਵਿਚ ਨਵੰਬਰ 2022 ਵਿਚ ਹੋਣ ਵਾਲੀ ਵਿਦਿਅਕ ਕਾਨਫਰੰਸ ਨੂੰ ਦੀਵਾਨ ਦੇ ਮੋਢੀ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ। ਮੂਲਮੰਤਰ ਦੇ ਪਾਠ ਉਪਰੰਤ ਆਨਰੇਰੀ ਸਕੱਤਰ ਡਾ. ਸਰਬਜੀਤ ਸਿੰਘ ਛੀਨਾ ਵਲੋਂ ਮੀਟਿੰਗ ਦਾ ਏਜੰਡਾ ਜਾਰੀ ਕੀਤਾ ਗਿਆ। ਮੀਟਿੰਗ ਵਿਚ ਸਿੱਖ ਵਿਰਸੇ ਤੇ ਇਤਿਹਾਸ ਨੂੰ ਸੰਭਾਲਣ ਲਈ ਭਾਈ ਵੀਰ ਸਿੰਘ ਵਰਗੀ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਰੱਖਣ ਅਤੇ ਉਨ੍ਹਾਂ ਦੀ ਨਿਵੇਕਲੀ ਪਛਾਣ ਨੂੰ ਦੁਨੀਆ ਸਾਹਮਣੇ ਉਜਾਗਰ ਕਰਨ ਲਈ ਵਿਸ਼ੇਸ਼ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਕਾਨਫਰੰਸ ਦੇ ਧਾਰਮਿਕ ਪ੍ਰੋਗਰਾਮਾਂ ਵਿਚ ਤੰਤੀ ਸਾਜ਼ਾਂ ਸਹਿਤ ਪੁਰਾਤਨ ਵਿਧੀ ਨਾਲ ਕੀਰਤਨ ਕਰਨ ਦੀ ਮੁਹਾਰਤ ਰੱਖਣ ਵਾਲੇ ਕੀਰਤਨੀ ਜਥਿਆਂ ਦੀਆਂ ਸੇਵਾਵਾਂ ਲੈਣ ਅਤੇ ਸੈਮੀਨਾਰਾਂ ਵਿੱਚ ਉੱਘੇ ਵਿੱਦਿਆ ਸ਼ਾਸਤਰੀਆਂ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕੀਤਾ।