
ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਨ ਸਮੇਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ।
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 7 ਫਰਵਰੀ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰੇਲਵੇ ਮੰਤਰੀ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਹੈ ਕਿ ਅੰਮ੍ਰਿਤਸਰ ਵਿੱਚ ਰੀਗੋ ਰੇਲਵੇ ਪੁਲ ਨੂੰ ਕੇਂਦਰ ਸਰਕਾਰ ਵੱਲੋਂ ਬਣਵਾ ਕੇ ਦਿੱਤਾ ਜਾਵੇ। ਇਹ ਪੁਲ ਇਸ ਵੇਲੇ ਖਸਤਾ ਹਾਲਤ ਵਿਚ ਹੈ ਅਤੇ ਇਸ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਸ੍ਰੀ ਔਜਲਾ ਨੇ ਅੱਜ ਇਸ ਸਬੰਧ ਵਿਚ ਦਿੱਲੀ ਵਿਖੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਹੈ। ਇਸ ਸਬੰਧ ਵਿਚ ਇਕ ਮੰਗ ਪੱਤਰ ਵੀ ਉਨ੍ਹਾਂ ਨੂੰ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਦੋ ਹਿੱਸਿਆਂ ਨੂੰ ਜੋੜਨ ਵਾਲਾ ਇਹ ਮਹਾਵੀਰ ਰੇਲਵੇ ਪੁਲ ਜਿਸ ਨੂੰ ਹੁਣ ਰੀਗੋ ਪੁਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, 129 ਸਾਲ ਪੁਰਾਣਾ ਹੈ । ਇਸ ਪੁਲ ਨੂੰ 1905 ਵਿਚ ਉਸਾਰਿਆ ਗਿਆ ਸੀ ਅਤੇ ਇਸ ਦੀ ਮਿਆਦ 50 ਸਾਲ ਸੀ। ਪਰ 1980 ਵਿਚ ਕੇਂਦਰ ਸਰਕਾਰ ਵੱਲੋਂ ਮਿਲੀ ਗਰਾਂਟ ਦੇ ਨਾਲ ਇਸ ਦੀ ਮੁਰੰਮਤ ਕੀਤੀ ਗਈ। ਲੋਹੇ ਦੀਆਂ ਚਾਦਰਾਂ ਅਤੇ ਥੰਮਾਂ ਨਾਲ ਇਸ ਨੂੰ ਮਜ਼ਬੂਤ ਕੀਤਾ ਗਿਆ ਸੀ। ਪਰ ਹੁਣ ਇਸ ਦੀ ਮੁੜ ਉਸਾਰੀ ਕੀਤੇ ਜਾਣ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਲਟਕ ਰਿਹਾ ਹੈ। ਇਸ ਵੇਲੇ ਇਹ ਖਸਤਾ ਹਾਲ ਵਿਚ ਹੈ। ਇੱਥੇ ਕੋਈ ਦੁਰਘਟਨਾ ਨਾ ਵਾਪਰ ਜਾਵੇ , ਇਸ ਲਈ ਇਸ ਨੂੰ ਟ੍ਰੈਫਿਕ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਬੰਦ ਹੋਣ ਨਾਲ ਸਮੁੱਚੀ ਆਵਾਜਾਈ ਦਾ ਭਾਰ ਭੰਡਾਰੀ ਪੁਲ ’ਤੇ ਪੈ ਗਿਆ ਹੈ। ਇਸ ਤੋਂ ਇਲਾਵਾ 22 ਨੰਬਰ ਫਾਟਕ ਤੇ ਬੰਨ ਰਹੇ ਪੁਲ ਦਾ ਕੰਮ ਉਸਾਰੀ ਅਧੀਨ ਹੈ, ਜਿਸ ਕਾਰਨ ਉਥੇ ਵੀ ਆਵਾਜਾਈ ਬੰਦ ਹੈ।
ਉਨ੍ਹਾਂ ਦੱਸਿਆ ਕਿ ਉਤਰੀ ਰੇਲਵੇ ਦੇ ਜਨਰਲ ਮੈਨੇਜਰ ਵੱਲੋਂ 17 ਜਨਵਰੀ ਨੂੰ ਭੇਜੇ ਇਕ ਪੱਤਰ ਰਾਹੀਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਆਖਿਆ ਸੀ ਕਿ ਇਸ ਪੁਲ ਦੀ ਉਸਾਰੀ ਦਾ ਕੰਮ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇ। ਲੇਕਿਨ ਫੰਡਾਂ ਦੀ ਘਾਟ ਕਾਰਨ ਨਗਰ ਨਿਗਮ ਨੇ ਇਸ ਪੁਲ ਦੀ ਉਸਾਰੀ ਦੇ ਮਾਮਲੇ ਵਿੱਚ ਹੱਥ ਖੜ੍ਹੇ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਭੰਡਾਰੀ ਪੁੱਲ ਤੇ ਵਧੇਰੇ ਆਵਾਜਾਈ ਵੱਧ ਜਾਣ ਕਾਰਨ ਇਥੇ ਜਾਮ ਲੱਗ ਰਹੇ ਹਨ, ਜਿਸ ਕਾਰਨ ਮਰੀਜ਼ ਲੈ ਜਾ ਰਹੀ ਐਂਬੂਲੈਂਸ ਅਤੇ ਬਾਹਰੋਂ ਆਏ ਯਾਤਰੂਆਂ ਨੂੰ ਵੀ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਕੇਂਦਰੀ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੁਲ ਨੂੰ ਕੇਂਦਰ ਸਰਕਾਰ ਤੋਂ ਬਣਵਾਉਣ। ਅਜਿਹੀ ਸਥਿਤੀ ਵਿਚ ਜਦੋਂ ਪੰਜਾਬ ਸਰਕਾਰ ਕੋਲ ਫੰਡਾਂ ਦੀ ਘਾਟ ਹੈ ਤਾਂ ਕੇਂਦਰ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ । ਇਹ ਕੰਮ ਲੋਕ ਹਿਤ ਵਿਚ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ