ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਦਸੰਬਰ
ਲੋਹਾ ਵਪਾਰੀ ਵਿਸ਼ੇਸ਼ ਗੁਪਤਾ ਜਿਸ ਨੂੰ ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਉਸ ਵੇਲੇ ਗੋਲੀ ਮਾਰੀ ਸੀ ਜਦੋਂ ਉਹ ਆਪਣੇ ਪਿਤਾ ਤੇ ਹੋਰਨਾਂ ਨਾਲ ਰਾਤ ਵੇਲੇ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਸਬੰਧੀ ਪੁਲੀਸ ਸੂਤਰਾਂ ਨੇ ਕਿਹਾ ਕਿ ਹੱਤਿਆ ਸੁਪਾਰੀ ਦੇ ਕੇ ਕਰਵਾਈ ਗਈ ਹੈ। ਅੱਜ ਉਸ ਦੇ ਚੌਥੇ ਮੌਕੇ ਜਦੋਂ ਉਪ ਮੁਖ ਮੰਤਰੀ ਓਪੀ ਸੋਨੀ ਉਨ੍ਹਾਂ ਦੇ ਪਰਿਵਾਰ ਕੋਲ ਅਫਸੋਸ ਲਈ ਪੁੱਜੇ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਸ੍ਰੀ ਸੋਨੀ ਨੇ ਪਰਿਵਾਰ ਨੂੰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਹ ਘਟਨਾ ਸਬੰਧੀ ਪੁਲੀਸ ਨੇ ਗੁਰਦਾਸਪੁਰ ਦੇ ਕਰਨਦੀਪ ਸਿੰਘ ਅਤੇ ਉਸਦੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਮਿਲੇ ਵੇਰਵਿਆਂ ਮੁਤਾਬਕ ਪੁਲੀਸ ਵਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਮਲਾਵਰ ਵਿਸ਼ੇਸ਼ ਗੁਪਤਾ ਦੇ ਰਿਸ਼ਤੇਦਾਰ ਸ਼ਿਵਮ ਗੁਪਤਾ ਨੂੰ ਮਾਰਨ ਦੇ ਮੰਤਵ ਨਾਲ ਆਏ ਸਨ। ਸ਼ਿਵਮ ਗੁਪਤਾ ਦੀ ਪਠਾਨਕੋਟ ਦੀ ਇੱਕ ਕੁੜੀ ਨਾਲ ਮੰਗਣੀ ਹੋਈ ਸੀ। ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਸਬੰਧਤ ਕੁੜੀ ਦੇ ਮੁਲਜ਼ਮ ਕਰਨਦੀਪ ਸਿੰਘ ਨਾਲ ਪ੍ਰੇਮ ਸਬੰਧ ਸਨ। ਕਰਨਦੀਪ ਨੇ ਸ਼ਿਵਮ ਦੇ ਪਰਿਵਾਰ ਨੂੰ ਇਹ ਰਿਸ਼ਤਾ ਨਾ ਕਰਨ ਲਈ ਵੀ ਆਖਿਆ ਸੀ।