ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਨਵੰਬਰ
ਨਵੰਬਰ 1984 ਸਿੱਖ ਕਤਲੇਆਮ ਦੀ ਬਰਸੀ ਮੌਕੇ ਅੱਜ ਯੂਥ ਅਕਾਲੀ ਦਲ ਵੱਲੋਂ ਇੱਥੇ ਕਚਿਹਰੀ ਚੌਕ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਸਮੇਤ ਸੋਨੀਆ ਗਾਂਧੀ, ਰਾਹੁਲ ਗਾਂਧੀ, ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਦਾ ਇੱਕ ਸਾਂਝਾ ਪੁਤਲਾ ਸਾੜਿਆ ਹੈ। ਇਸ ਮੌਕੇ ਕਾਂਗਰਸ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਹ ਰੋਸ ਪ੍ਰਦਰਸ਼ਨ ਯੂਥ ਅਕਾਲੀ ਦਲ ਦੀ ਸ਼ਹਿਰੀ ਤੇ ਦਿਹਾਤੀ ਇਕਾਈ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਸੀ, ਜਿਸ ਵਿਚ ਪ੍ਰਧਾਨ ਕਿਰਨਪ੍ਰੀਤ ਸਿੰਘ ਮੋਨੂੰ, ਗੁਰਸ਼ਰਨ ਸਿੰਘ ਛੀਨਾ ਸਮੇਤ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਜਨਰਲ ਸਕੱਤਰ ਜੋਧ ਸਿੰਘ ਸਮਰਾ, ਐਸਓਆਈ ਦੇ ਆਗੂ ਗੌਰਵ ਸਿੰਘ ਵਲਟੋਹਾ ਤੇ ਹੋਰ ਸ਼ਾਮਲ ਸਨ। ਇਨਾਂ ਕਾਰਕੁੰਨਾਂ ਨੇ ਇਥੇ ਇਕੱਠੇ ਹੋ ਕੇ ਕਾਂਗਰਸ ਦਾ ਪਿੱਟ ਸਿਆਪਾ ਕੀਤਾ ਅਤੇ ਨਾਅਰੇਬਾਜ਼ੀ ਕਰਦਿਆਂ ਪੁਤਲਾ ਸਾੜਿਆ। ਸਿੱਖ ਨੌਜਵਾਨ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰਨਾਂ ਨੇ ਜਗਦੀਸ਼ ਟਾਈਟਲਰ ਨੂੰ ਪਾਰਟੀ ਵਿੱਚ ਵਿਸ਼ੇਸ਼ ਅਹੁਦਾ ਦੇ ਕੇ ਸਨਮਾਨਿਤ ਕੀਤਾ ਹੈ। ਉਨਾਂ ਦੋਸ਼ ਲਾਇਆ ਕਿ ਟਾਈਟਲਰ ਸਿੱਖ ਕਤਲੇਆਮ ਲਈ ਕਥਿਤ ਦੋਸ਼ੀ ਹੈ ਅਤੇ ਉਸ ਖਿਲਾਫ਼ ਅਦਾਲਤ ਵਿੱਚ ਕੇਸ ਵਿਚਾਰ ਅਧੀਨ ਹੈ। ਇਸ ਦੇ ਬਾਵਜੂਦ ਕਾਂਗਰਸ ਨੇ ਸਿੱਖ ਭਾਵਨਾਵਾਂ ਨੂੰ ਅਣਡਿੱਠਾ ਕਰਦੇ ਹੋਏ ਉਸ ਨੂੰ ਅਹੁਦਾ ਦੇ ਕੇ ਨਿਵਾਜਿਆ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਮਾਮਲੇ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵਾਂ ਨੇ ਚੁੱਪ ਧਾਰੀ ਹੋਈ ਹੈ।
ਜਲੰਧਰ ਵਿੱਚ ਡੀਸੀ ਦਫਤਰ ਬਾਹਰ ਟਾਈਟਲਰ ਅਤੇ ਰਾਹੁਲ ਦੇ ਪੁਤਲੇ ਫੂਕੇ
ਜਲੰਧਰ(ਪਾਲ ਸਿੰਘ ਨੌਲੀ): ਕਾਂਗਰਸ ਦੇ ਵਿਵਾਦਗ੍ਰਸਤ ਆਗੂ ਜਗਦੀਸ਼ ਟਾਈਟਲਰ ਨੂੰ ਹਾਈਕਮਾਂਡ ਵੱਲੋਂ ਕਾਂਗਰਸ ਵਰਕਿੰਗ ਕਮੇਟੀ ਵਿੱਚ ਪਰਮਾਨੈਂਟ ਇਨਵਾਇਟੀ ਮੈਂਬਰ ਬਣਾਉਣ ਦਾ ਵਿਰੋਧ ਕਰਦਿਆਂ ਕਾਂਗਰਸ ਦੀ ਕੁੱਲ ਹਿੰਦ ਪ੍ਰਧਾਨ ਸੋਨੀਆ ਗਾਂਧੀ, ਜਗਦੀਸ਼ ਟਾਈਟਲਰ, ਰਾਹੁਲ ਗਾਂਧੀ ਤੇ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕਿਆ ਗਿਆ। ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਝਰ, ਸ਼ਹਿਰੀ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਤੇ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਮਨਵੀਰ ਸਿੰਘ ਵਡਾਲਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 1984 ਦੇ ਸਿੱਖ ਕਤਲੇਆਮ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਆਗੂ ਨੂੰ ਉੱਚ ਅਹੁਦਾ ਦੇਣ ਤੋਂ ਸਾਫ ਹੋ ਜਾਂਦਾ ਹੈ ਕਿ ਕਾਂਗਰਸ ਘੱਟ ਗਿਣਤੀਆਂ ਤੇ ਖਾਸ ਕਰਕੇ ਸਿੱਖ ਵਿਰੋਧੀ ਪਾਰਟੀ ਹੈ। ਇਸ ਮੌਕੇ ਪ੍ਰਭਜੋਤ ਸਿੰਘ, ਰਣਜੀਤ ਸਿੰਘ ਖਹਿਰਾ, ਸਤਵਿੰਦਰ ਸਿੰਘ, ਅਯੂਬ ਖਾਨ, ਨਿਰਵੈਰ ਸਿੰਘ, ਗੁਰਪ੍ਰੀਤ ਸਿੰਘ ਸਚਦੇਵਾ ਤੇ ਹੋਰ ਆਗੂ ਹਾਜ਼ਰ ਸਨ।