ਪੱਤਰ ਪ੍ਰੇਰਕ
ਰਈਆ, 1 ਸਤੰਬਰ
ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ 10 ਕਰਮਚਾਰੀ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਬਾਬਾ ਬਕਾਲਾ ਡਾ. ਅਜੇ ਭਾਟੀਆ, ਮੈਡੀਕਲ ਅਫ਼ਸਰ ਡਾ. ਸਾਹਿਬ ਜੀਤ ਸਿੰਘ, ਡਾ. ਲਖਵਿੰਦਰ ਸਿੰਘ ਅਤੇ ਡਾ. ਨੀਰਜ ਬਿਸਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਦਾ ਸਟਾਫ਼ ਲਗਾਤਾਰ ਲੋਕਾਂ ਦੇ ਕਰੋਨਾ ਟੈਸਟ ਵਿੱਚ ਰੁੱਝਿਆ ਹੋਇਆ ਹੈ। ਕੁਝ ਦਿਨ ਪਹਿਲਾਂ ਦੋ ਸਟਾਫ਼ ਨਰਸਾਂ, ਇਕ ਲੈਬ ਟੈਕਨੀਸ਼ੀਅਨ, ਇਕ ਸਫ਼ਾਈ ਸੇਵਕ ਅਤੇ ਦਰਜਾ ਚਾਰ ਕਰਮਚਾਰੀ ਸਮੇਤ 6 ਕਰਮਚਾਰੀਆਂ ਦੇ ਕਰੋਨਾ ਟੈੱਸਟ ਪਾਜ਼ੇਟਿਵ ਆਏ ਸਨ। ਅੱਜ ਦੋ ਹੋਰ ਸਟਾਫ਼ ਨਰਸਾਂ, 1 ਲੈਬ ਟੈਕਨੀਸ਼ੀਅਨ, 1 ਸਵੀਪਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤਰ੍ਹਾਂ ਹੁਣ ਤਕ 10 ਕਰਮਚਾਰੀਆਂ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਿਆਸ ਨਜ਼ਦੀਕ ਸਾਵਣ ਸਿੰਘ ਨਗਰ ਵਿਚ ਦੋ ਮਰਦ ਅਤੇ ਦੋ ਔਰਤਾਂ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਵੀ ਪੁਸ਼ਟੀ ਹੋਈ ਹੈ।