ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਅਪਰੈਲ
ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਕੇਂਦਰ ਦੇ ਸਹਿਯੋਗ ਨਾਲ ਚੱਲ ਰਹੇ ਰਾਸ਼ਟਰੀ ਰੰਗਮੰਚ ਉਤਸਵ ਵਿੱਚ ਅੱਜ ਮੰਚ-ਰੰਗਮੰਚ ਦੀ ਟੀਮ ਵੱਲੋਂ ਪਾਕਿਸਤਾਨੀ ਨਾਟਕਕਾਰ ਸ਼ਾਹਿਦ ਨਦੀਮ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਬੁੱਲ੍ਹਾ’ ਦਾ ਮੰਚਨ ਕੀਤਾ ਹੈ। ਵਿਰਸਾ ਵਿਹਾਰ ਕੇਂਦਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਚ ਅੱਜ ਸ਼ਾਮ ਇਹ ਨਾਟਕ ਖੇਡਿਆ ਗਿਆ, ਜੋ ਕਿ 17-18ਵੀਂ ਸਦੀ ਦੇ ਮਹਾਨ ਸੂਫ਼ੀ ਸ਼ਾਇਰ ਬਾਬਾ ਬੁਲ੍ਹੇ ਸ਼ਾਹ ਦੀ ਜੀਵਨ ਗਾਥਾ ਹੈ। ਇਹ ਨਾਟਕ ਵਿੱਚ ਬਾਬਾ ਬੁੱਲ੍ਹੇ ਸ਼ਾਹ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ, ਜ਼ੁਲਮ ਦੇ ਖਿਲਾਫ਼ ਬੋਲਦਾ ਹੈ ਤੇ ਲੋਕਾਈ ਦੇ ਨਾਲ ਖੜ੍ਹਾ ਹੁੰਦਾ ਹੈ। ਨਾਟਕ ਵਿਚ ਦੱਸਿਆ ਗਿਆ ਕਿ ਉਸ ਵੇਲੇ ਦੇ ਹਾਕਮਾਂ ਨੇ ਬਾਬਾ ਬੁੱਲ੍ਹੇ ਸ਼ਾਹ ਤੋਂ ਘਬਰਾ ਕੇ ਉਸ ਨੂੰ ‘ਕਸੂਰ’ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਸੀ। ਪਰ ਕਸੂਰ ਸ਼ਹਿਰ ਦੇ ਵਾਸੀ ਬਾਬਾ ਬੁਲ੍ਹੇ ਸ਼ਾਹ ਦੇ ਪਿਛੇ ਚੱਲੇ ਗਏ। ਹਾਕਮਾਂ ਦਾ ਕਸੂਰ ਸ਼ਹਿਰ ਉਜੜ ਜਾਂਦਾ ਹੈ ਤੇ ਬਾਬਾ ਬੁੱਲ੍ਹੇ ਸ਼ਾਹ ਦਾ ਕਸੂਰ ਸ਼ਹਿਰ ਵੱਸਣ ਲਗ ਪੈਂਦਾ ਹੈ। ਇਸ ਨਾਟਕ ਵਿੱਚ ਗੁਰਤੇਜ਼ ਮਾਨ, ਡੋਲੀ, ਵਿਕਾਸ ਜੋਸ਼ੀ, ਵਿਸ਼ੂ ਸ਼ਰਮਾ, ਗੁਰਦਿੱਤ ਸਿੰਘ, ਹਰਪ੍ਰੀਤ ਸਿੰਘ, ਸਾਜਨ ਕੋਹੇਨੂਰ, ਵਿਸ਼ਾਲ ਸ਼ਰਮਾ, ਨਿਸ਼ਾਨ ਸਿੰਘ ਆਦਿ ਨੇ ਅਦਾਕਾਰੀ ਕੀਤੀ। ਇਸ ਨਾਟਕ ਦਾ ਸੰਗੀਤ ਲੋਪੋਕੇ ਭਰਾਵਾਂ ਵੱਲੋਂ ਦਿੱਤਾ ਗਿਆ।