ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 11 ਜੁਲਾਈ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵੱਲੋਂ ਮਨੁੱਖੀ ਅਧਿਕਾਰਾਂ ਦੀ ਸਮਾਜਿਕ ਕਾਰਕੁਨ ਐਡਵੋਕੇਟ ਤੀਸਤਾ ਸੀਤਲਵਾੜ ਅਤੇ ਪੱਤਰਕਾਰ ਮੁਹੰਮਦ ਜ਼ੁਬੈਰ ਨੂੰ ਕਥਿਤ ਤੌਰ ’ਤੇ ਬਿਨਾ ਕਿਸੇ ਜੁਰਮ ਅਤੇ ਕਾਨੂੰਨੀ ਜਾਂਚ ਤੋਂ ਗ੍ਰਿਫਤਾਰ ਕੀਤੇ ਜਾਣ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਦੌਰਾਨ ਮੰਗ ਕੀਤੀ ਗਈ ਕਿ ਭੀਮਾ ਕੋਰੇਗਾਓਂ ਕੇਸ ਵਿੱਚ ਪਿਛਲੇ ਚਾਰ ਸਾਲਾਂ ਤੋਂ ਜੇਲ੍ਹਾਂ ’ਚ ਨਜ਼ਰਬੰਦ ਬੁੱਧੀਜੀਵੀਆਂ ਸਮੇਤ ਸਾਰੇ ਕਾਰਕੁਨਾਂ ਨੂੰ ਤੁਰੰਤ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ। ਤਰਕਸ਼ੀਲ ਆਗੂ ਸੁਮਿਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਹਿੰਦੁਤਵ ਦੇ ਫ਼ਿਰਕੂ ਏਜੰਡੇ ਹੇਠ ਦੇਸ਼ ਵਿੱਚ ਅੰਧ-ਰਾਸ਼ਟਰਵਾਦ, ਫ਼ਿਰਕੂ ਅਸਹਿਣਸ਼ੀਲਤਾ ਅਤੇ ਮੁਸਲਿਮ ਵਿਰੋਧੀ ਹਿੰਸਾ ਇਸ ਹੱਦ ਤੱਕ ਫੈਲਾਅ ਦਿੱਤੀ ਗਈ ਹੈ ਕਿ ਮੋਦੀ-ਯੋਗੀ ਵਿਰੋਧੀ ਅਤੇ ਭਾਜਪਾ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਜਾ ਰਿਹਾ ਹੈ। ਸਿਆਸੀ ਵਿਰੋਧੀਆਂ ਦੀ ਜ਼ੁਬਾਨਬੰਦੀ ਲਈ ਉਨ੍ਹਾਂ ਉੱਤੇ ਦੇਸ਼ਧ੍ਰੋਹ ਦੇ ਝੂਠੇ ਕੇਸ ਦਰਜ ਕਰ ਕੇ ਅਤੇ ਕੇਂਦਰੀ ਜਾਂਚ ਏਜੰਸੀਆਂ ਦੇ ਛਾਪੇ ਮਰਵਾ ਕੇ ਉਨ੍ਹਾਂ ਨੂੰ ਯੂਏਪੀਏ ਦੇ ਕਾਲੇ ਕਾਨੂੰਨਾਂ ਤਹਿਤ ਅਣਮਿੱਥੇ ਸਮੇਂ ਲਈ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ ਜਾਂ ਫਿਰ ਧੱਕੇ ਨਾਲ ਭਾਜਪਾ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸੁਪਰੀਮ ਕੋਰਟ ਕੋਲੋਂ ਮੰਗ ਕੀਤੀ ਕਿ ਮੋਦੀ ਸਰਕਾਰ ਦੇ ਅਜਿਹੇ ਫਾਸ਼ੀਵਾਦੀ ਅਤੇ ਐਮਰਜੈਂਸੀ ਦੇ ਨਿਜ਼ਾਮ ਉੱਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ।
ਤਰਕਸ਼ੀਲ ਆਗੂਆਂ ਮੁਖਤਿਆਰ ਗੋਪਾਲਪੁਰਾ, ਸੰਦੀਪ ਧਾਰੀਵਾਲ ਭੋਜਾ ਅਤੇ ਜਸਪਾਲ ਬਾਸਰਕੇ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਤੀਸਤਾ ਸੀਤਲਵਾੜ ਅਤੇ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਫ਼ਿਰਕੂ ਬਦਲਾਖੋਰੀ ਦੀ ਫਾਸ਼ੀਵਾਦੀ ਸਿਆਸਤ ਹੇਠ ਕੀਤੀ ਗਈ ਹੈ। ਤਰਕਸ਼ੀਲ ਆਗੂਆਂ ਅਸ਼ਵਨੀ ਕੁਮਾਰ, ਮਾਸਟਰ ਕੁਲਜੀਤ ਵੇਰਕਾ ਅਤੇ ਮਨਜੀਤ ਬਾਸਰਕੇ ਨੇ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਕੋਲੋਂ ਮੰਗ ਕੀਤੀ ਕਿ ਤੀਸਤਾ ਸੀਤਲਵਾੜ, ਮੁਹੰਮਦ ਜ਼ੁਬੈਰ, ਸਾਬਕਾ ਪੁਲੀਸ ਅਧਿਕਾਰੀ ਆਰ.ਬੀ. ਸ੍ਰੀਕੁਮਾਰ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਖ਼ਿਲਾਫ਼ ਦਰਜ ਅਪਰਾਧਿਕ ਕੇਸ ਰੱਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੋਂ ਇਲਾਵਾ ਗੁਜਰਾਤ ਕਤਲੇਆਮ ਦੀ ਉੱਚ ਨਿਆਂਪਾਲਿਕਾ ਦੀ ਨਿਗਰਾਨੀ ਹੇਠ ਪੁਨਰ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਦੇਸ਼ ਦੀਆਂ ਸਮੂਹ ਜਮਹੂਰੀ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਨਾਜਾਇਜ਼ ਗ੍ਰਿਫਤਾਰੀਆਂ ਖ਼ਿਲਾਫ਼ ਜਮਹੂਰੀ ਲਹਿਰ ਖੜ੍ਹੀ ਕਰਨ ਦੀ ਅਪੀਲ ਕੀਤੀ।