ਪੱਤਰ ਪ੍ਰੇਰਕ
ਅੰਮ੍ਰਿਤਸਰ, 27 ਜੂਨ
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਸੁਪਰੀਮ ਕੋਰਟ ਵੱਲੋਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ 63 ਹੋਰਨਾਂ ਨੂੰ 2002 ਦੇ ਗੁਜਰਾਤ ਕਤਲੇਆਮ ਵਿਚ ਵਿਸ਼ੇਸ਼ ਜਾਂਚ ਟੀਮ ਵਲੋਂ ਕਲੀਨ ਚਿੱਟ ਦੇਣ ਦੇ ਫੈਸਲੇ ਨੂੰ ਬਰਕਰਾਰ ਰੱਖਣ ਨੂੰ ਬੇਹੱਦ ਅਫਸੋਸਨਾਕ ਦੱਸਦਿਆਂ ਇਸ ਨੂੰ ਹਜ਼ਾਰਾਂ ਪੀੜਤਾਂ ਨਾਲ ਘੋਰ ਅਨਿਆਂ ਕਰਾਰ ਦਿੱਤਾ ਹੈ। ਮਨੁੱਖੀ ਅਧਿਕਾਰਾਂ ਦੀ ਪ੍ਰਸਿੱਧ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਅਤੇ ਹੋਰਨਾਂ ਨੂੰ ਗੁਜਰਾਤ ਦੇ ਦਹਿਸ਼ਤਵਾਦ ਵਿਰੋਧੀ ਦਸਤੇ ਵੱਲੋਂ ਬਿਨਾਂ ਕਿਸੇ ਜੁਰਮ ਦੇ ਗ੍ਰਿਫਤਾਰ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਤੋਂ ਉਸ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਵੀ ਕੀਤੀ ਹੈ। ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਦੇ ਆਗੂਆਂ ਜਸਪਾਲ ਬਾਸਰਕਾ,ਸੁਮੀਤ ਸਿੰਘ ਅਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਤੀਸਤਾ ਸੀਤਲਵਾੜ, ਸਾਬਕਾ ਪੁਲਿਸ ਅਧਿਕਾਰੀ ਆਰ. ਬੀ. ਸ੍ਰੀ ਕੁਮਾਰ ਸਮੇਤ ਹੋਰਨਾਂ ਉਚ ਅਧਿਕਾਰੀਆਂ ਦੇ ਖਿਲਾਫ ਦਰਜ ਅਪਰਾਧਿਕ ਕੇਸ ਰੱਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੋਂ ਇਲਾਵਾ ਗੁਜਰਾਤ ਕਤਲੇਆਮ ਦੀ ਉੱਚ ਨਿਆਂਪਾਲਿਕਾ ਦੀ ਨਿਗਰਾਨੀ ਹੇਠ ਪੁਨਰ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।
ਸ਼ਾਹਕੋਟ (ਪੱਤਰ ਪ੍ਰੇਰਕ): ਸਾਬਕਾ ਅਧਿਆਪਕ ਆਗੂ ਤੇ ਵਰਗ ਚੇਤਨਾ ਦੇ ਸੰਪਾਦਕ ਯਸ਼ਪਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਪਾਲ ਬਿੱਟਾ ਨੇ ਤੀਸਤਾ ਸੀਤਲਵਾੜ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।