ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਅਪਰੈਲ
ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਨਿੱਜੀਕਰਨ ਅਤੇ ਵਪਾਰੀਕਰਨ ਪੱਖੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਪੰਜਾਬ ਵਿੱਚ ਪ੍ਰੀ ਨਰਸਰੀ ਤੋਂ ਬਾਰ੍ਹਵੀਂ ਜਮਾਤਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਅੰਦਰ ਚਲਾ ਕੇ ‘ਕੰਪਲੈਕਸ ਸਕੂਲ’ ਦਾ ਏਜੰਡਾ ਲਾਗੂ ਕਰਨ ਨੂੰ ਸਿੱਖਿਆ ਵਿਭਾਗ ਦੀ ਅਕਾਰ ਘਟਾਈ, ਪ੍ਰਾਇਮਰੀ ਸਿੱਖਿਆਤੰਤਰ ਲਈ ਕੁੱਲ ਤਬਾਹੀ ਅਤੇ ਜਨਤਕ ਸਿੱਖਿਆ ਦੇ ਖਾਤਮੇ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਜ਼ਿਲ੍ਹਾ ਪੱਧਰੀ ਰੋਸ ਧਰਨੇ ਦੌਰਾਨ ਮੋਰਚੇ ਦੇ ਆਗੂਆਂ ਸੁਰਿੰਦਰ ਪੁਆਰੀ, ਗਣੇਸ਼ ਭਗਤ, ਨਵਪ੍ਰੀਤ ਬੱਲੀ, ਕੁਲਵਿੰਦਰ ਜੋਸਨ ਅਤੇ ਹਰਬੰਸ ਲਾਲ ਪਰਜੀਆਂ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਨੂੰ ਜ਼ਿਲ੍ਹੇ ਦੇ ਉਪ ਸਿੱਖਿਆ ਅਫਸਰ ਐਲੀਮੈਂਟਰੀ ਗੁਰਚਰਨ ਸਿੰਘ ਮੁਲਤਾਨੀ ਰਾਹੀਂ ਮੰਗ ਪੱਤਰ ਭੇਜਦਿਆਂ ਇਨ੍ਹਾਂ ਫੈਸਲਿਆਂ ’ਤੇ ਫੌਰੀ ਰੋਕ ਲਗਾਉਣ ਮੰਗ ਕੀਤੀ ਗਈ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਨੇ 1 ਜੂਨ ਨੂੰ ਸੰਗਰੂਰ ਵਿਚ ਹੋਣ ਜਾ ਰਹੇ ਵਿਸ਼ਾਲ ਸੂਬਾਈ ਧਰਨੇ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਨਵੀਂ ਰਾਸ਼ਟਰੀ ਸਿੱਖਿਆ ਨੀਤੀ ਖ਼ਿਲਾਫ਼ ਜ਼ਿਲ੍ਹਾ ਪੱਧਰੀ ਰੋਸ ਧਰਨੇ ਦੌਰਾਨ ਮੋਰਚੇ ਦੇ ਜ਼ਿਲ੍ਹਾ ਕਨਵੀਨਰਾਂ ਅਸ਼ਵਨੀ ਅਵਸਥੀ, ਗੁਰਦੀਪ ਸਿੰਘ ਬਾਜਵਾ, ਬਲਜਿੰਦਰ ਸਿੰਘ ਵਡਾਲੀ, ਦੀ ਅਗਵਾਈ ‘ਚ ਸਿੱਖਿਆ ਮੰਤਰੀ ਨੂੰ `ਮੰਗ ਪੱਤਰ` ਭੇਜਦਿਆਂ ਇਨ੍ਹਾਂ ਫ਼ੈਸਲਿਆਂ ’ਤੇ ਫੌਰੀ ਰੋਕ ਲਗਾਉਣ ਅਤੇ ਗੱਲਬਾਤ ਦੀ ਜ਼ਮਹੂਰੀ ਪ੍ਰਕਿਰਿਆ ਰਾਹੀਂ ਸਾਰੇ ਮਸਲੇ ਹੱਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ।
ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਰੈਲੀ
ਤਰਨ ਤਾਰਨ (ਪੱਤਰ ਪ੍ਰੇਰਕ): ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਇਥੇ ਅਧਿਆਪਕਾਂ ਵੱਲੋਂ ਸਰਕਾਰ ਦੀਆਂ ਨੀਤੀਆਂ ਖਿਲਾਫ਼ ਰੋਸ ਰੈਲੀ ਕੀਤੀ ਅਤੇ ਮੰਗਾਂ ਸਬੰਧੀ ਯਾਦ ਪੱਤਰ ਅਧਿਕਾਰੀਆਂ ਨੂੰ ਸੌਂਪਿਆ| ਇਸ ਮੌਕੇ ਨਛੱਤਰ ਸਿੰਘ, ਬਲਕਾਰ ਸਿੰਘ ਵਲਟੋਹਾ ਨੇ ਸੰਬੋਧਨ ਕਰਦਿਆਂ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਨਿਜੀਕਰਨ ਅਤੇ ਵਪਾਰੀਕਰਨ ਕੀਤੇ ਜਾਣ ਦੀਆਂ ਚਾਲਾਂ ਬਾਰੇ ਅਧਿਆਪਕਾਂ ਨੂੰ ਸੁਚੇਤ ਕੀਤਾ|