ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਅਗਸਤ
ਵਰਲਡਜ਼ ਯੂਨੀਵਰਸਿਟੀ ਵਿਦ ਰੀਅਲ ਇੰਪੈਕਟ (ਡਬਲਯੂ.ਯੂ.ਆਰ.ਆਈ.) ਨੇ ਸਰਵੇਖਣ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਵਧੀਆਂ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ ਰੱਖਦਿਆਂ ਇਸ ਨੂੰ ਪਹਿਲੀਆਂ 100 ਯੂਨੀਵਰਸਿਟੀਆਂ ਵਿੱਚ ਸ਼ਾਮਲ ਕੀਤਾ ਹੈ। ਯੂਨੀਵਰਸਿਟੀ ਬੁਲਾਰੇ ਨੇ ਦੱਸਿਆ ਕਿ ਹਾਲ ਵਿੱਚ ਹੀ ਇਸ ਸਰਵੇਖਣ ਦੇ ਜਿਹੜੇ ਨਤੀਜੇ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚ ਉੱਚ ਦਰਜੇ ਦੀ ਨੈਤਿਕਤਾ ਵਾਲੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 51-100 ਵੇਂ ਵਰਗ ਵਿੱਚ ਰੱਖਿਆ ਗਿਆ ਹੈ। ਓਵਰਆਲ ਮੁਲਾਂਕਣ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 101-220 ਨੰਬਰ ਵਿੱਚ ਰੱਖਦਿਆਂ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਹੋਣ ਦਾ ਮਾਣ ਦੇ ਦਿੱਤਾ ਹੈ। ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਡਬਲਯੂ.ਯੂ.ਆਰ.ਆਈ. ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਸਰਵੇਖਣ ਵਿੱਚ ਯੂਨੀਵਰਸਿਟੀ ਨੂੰ ਜੋ ਸਥਾਨ ਦਿੱਤਾ ਹੈ, ਉਸ ਲਈ ਉਹ ਧੰਨਵਾਦੀ ਹਨ ਅਤੇ ਇਸ ਨੂੰ ਹੋਰ ਬੁਲੰਦੀਆਂ ਵੱਲ ਲੈ ਜਾਣ ਲਈ ਯਤਨਸ਼ੀਲ ਹਨ। ਉਨ੍ਹਾਂ ਇਸ ਲਈ ਫੈਕਲਟੀ ਮੈਂਬਰਾਂ, ਗ਼ੈਰ-ਅਧਿਆਪਨ ਮੈਂਬਰਾਂ ਤੇ ਵਿਦਿਆਰਥੀਆਂ ਦੀ ਮਿਹਨਤ ਦਾ ਰੰਗ ਦੱਸਿਆ ਹੈ। ਜ਼ਿਕਰਯੋਗ ਹੈ ਕਿ ਡਬਲਯੂ. ਯੂ. ਆਰ. ਆਈ. ਯੂਨੀਵਰਸਿਟੀਆਂ ਦੇ ਖੋਜ ਤੇ ਵਿੱਦਿਅਕ ਪ੍ਰੋਗਰਾਮਾਂ ਵਿੱਚ ਯੋਗਦਾਨ ਦਾ ਮੁਲਾਂਕਣ ਕਰਦਾ ਹੈ।