ਪੱਤਰ ਪ੍ਰੇਰਕ
ਅੰਮ੍ਰਿਤਸਰ, 16 ਜੁਲਾਈ
ਯੂ ਐੱਨ ਐਂਟਰਟੇਨਮੈਂਟ ਗਰੁੱਪ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ 8 ਦਿਨਾ ਸੁਰ ਉਤਸਵ- 2022 ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਕਈ ਉਘੇ ਕਲਾਕਾਰਾਂ ਨੂੰ ਪੰਜਾਬ ਰਫ਼ੀ ਰਤਨ ਸਨਮਾਨ 2022 ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਆਪਣੀ ਤਰ੍ਹਾਂ ਦਾ ਅੰਮ੍ਰਿਤਸਰ ਵਿੱਚ ਹੋਣ ਵਾਲਾ ਪਹਿਲਾ ਸਮਾਗਮ ਹੋਵੇਗਾ, ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਉਮਰ ਦੇ 50 ਪ੍ਰੋਫੈਸ਼ਨਲ ਅਤੇ ਸ਼ੌਕੀਆ ਗਾਇਕ ਆਪਣੇ ਸ਼ਹਿਰ ਦੇ ਜੰਮਪਲ ਅਦਾਕਾਰਾਂ ਅਤੇ ਗਾਇਕਾਂ ਦੀਆਂ ਫਿਲਮਾਂ ਦੇ ਗੀਤ ਗਾ ਕੇ ਸੁਰੀਲੇ ਯੁਗ ਨੂੰ ਯਾਦ ਕਰਨਗੇ। ਸਥਾਨਕ ਵਿਰਸਾ ਵਿਹਾਰ ’ਚ ਪ੍ਰੋਗਰਾਮ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਯੂ. ਐਨ. ਇੰਟਰਟੇਨਮੈਂਟ ਗਰੁੱਪ ਦੇ ਪ੍ਰਧਾਨ ਗਾਇਕ ਹਰਿੰਦਰ ਸੋਹਲ ਤੇ ਸਰਪ੍ਰਸਤ ਰਾਣਾ ਪ੍ਰਤਾਪ, ਵਿਰਸਾ ਵਿਹਾਰ ਦੇ ਮੈਨੇਜ਼ਰ ਗੋਬਿੰਦ ਕੁਮਾਰ ਅਤੇ ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਪ੍ਰੋਗਰਾਮ 24 ਤੋਂ 31 ਜੁਲਾਈ ਤੱਕ ਹਰ ਰੋਜ਼ ਸ਼ਾਮ 6.30 ਵਜੇ ਹੋਵੇਗਾ। ਐਂਟਰਟੇਨਮੈਂਟ ਗਰੁੱਪ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਫ਼ਿਲਮ, ਰੰਗਮੰਚ ਅਤੇ ਸੰਗੀਤ ਵਿੱਚ ਯੋਗਦਾਨ ਪਾਉਣ ਵਾਲੇ ਕਲਾਕਾਰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਫ਼ਿਲਮ ਅਦਾਕਾਰ ਰਤਨ ਔਲਖ, ਰੰਗਮੰਚ ਅਦਾਕਾਰ ਜਸਵੰਤ ਸਿੰਘ ਜੱਸ, ਫ਼ਿਲਮ ਪੱਤਰਕਾਰ ਦਲਜੀਤ ਸਿੰਘ ਅਰੋੜਾ, ਫਿਲਮ ਅਦਾਕਾਰ ਬੱਬਰ ਗਿੱਲ ਅਤੇ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਨੂੰ ਪੰਜਾਬ ਰਫ਼ੀ ਰਤਨ ਸਨਮਾਨ 2022 ਨਾਲ ਸਨਮਾਨਿਤ ਕੀਤਾ ਜਾਵੇਗਾ।