ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ/ਜਲੰਧਰ, 30 ਅਕਤੂਬਰ
ਇੱਥੇ ਅੱਜ ਛਠ ਪੂਜਾ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਰਵਾਸੀ ਔਰਤਾਂ ਵੱਲੋਂ ਇੱਥੇ ਦੁਰਗਿਆਨਾ ਮੰਦਰ ਵਿਖੇ ਡੁੱਬਦੇ ਸੂਰਜ ਨੂੰ ਅਰਘ ਦਿੰਦੇ ਹੋਏ ਪੂਜਾ ਕੀਤੀ ਗਈ। ਇਸ ਤੋਂ ਇਲਾਵਾ ਇਨ੍ਹਾਂ ਪਰਵਾਸੀ ਔਰਤਾਂ ਵੱਲੋੀ ਸ਼ਹਿਰ ਵਿੱਚੋਂ ਲੰਘਦੀ ਨਹਿਰ ਵਿਖੇ ਵੀ ਸੂਰਜ ਨੂੰ ਅਰਘ ਦੇ ਕੇ ਪੂਜਾ ਕੀਤੀ ਗਈ।
ਇਸ ਚਾਰ ਦਿਨਾ ਤਿਉਹਾਰ ਦੌਰਾਨ ਔਰਤਾਂ ਵੱਲੋਂ ਆਪਣੇ ਪਰਿਵਾਰ ਦੀ ਸਿਹਤਯਾਬੀ ਤੇ ਸਫਲਤਾ ਲਈ ਪ੍ਰਾਰਥਨਾ ਕਰਦੇ ਹੋਏ ਵਰਤ ਰੱਖਿਆ ਜਾਂਦਾ ਹੈ। ਛਠ ਪੂਜਾ ਲਈ ਆਈਆਂ ਔਰਤਾਂ ਅਤੇ ਹੋਰ ਪਰਿਵਾਰਕ ਮੈਂਬਰ ਆਪਣੇ ਨਾਲ ਫਲ, ਨਾਰੀਅਲ, ਫੁੱਲਾਂ ਦੇ ਹਾਰ ਤੇ ਹੋਰ ਸਾਮਾਨ ਲੈ ਕੇ ਆਏ ਸਨ। ਜ਼ਿਆਦਾਤਰ ਔਰਤਾਂ ਨੇ ਪੀਲੇ ਅਤੇ ਲਾਲ ਰੰਗ ਦੀਆਂ ਸਾੜੀਆਂ ਪਹਿਨੀਆਂ ਹੋਈਆਂ ਸਨ। ਉਨ੍ਹਾਂ ਸਰੋਵਰ ਵਿੱਚ ਖੜ੍ਹੇ ਹੋ ਕੇ ਸੂਰਜ ਵੱਲ ਦੇਖਦੇ ਹੋਏ ਅਰਘ ਦਿੱਤਾ ਅਤੇ ਪੂਜਾ ਪਾਠ ਕੀਤਾ। ਇਸੇ ਦੌਰਾਨ ਜਲੰਧਰ ਵਿੱਚ ਇਹ ਤਿਓਹਾਰ ਸ਼ਰਧਾ ਨਾਲ ਮਨਾਇਆ ਗਿਆ।
ਫਗਵਾੜਾ (ਪੱਤਰ ਪ੍ਰੇਰਕ): ਇੱਥੇ ਅੱਜ ਅਰਬਨ ਅਸਟੇਟ ਵਿਖੇ ਛਠ ਪੂਜਾ ਦੇ ਪਵਿੱਤਰ ਤਿਉਹਾਰ ਮੌਕੇ ਪਰਵਾਸੀਆਂ ਦਾ ਮੇਲਾ ਭਰਿਆ ਰਿਹਾ। ਇਸ ਦੌਰਾਨ ਅੱਜ ਇੱਥੇ ਛਟੀ ਮਾਤਾ ਦੇ ਵਰਤ ਨੂੰ ਲੈ ਕਾਫ਼ੀ ਰੌਣਕਾਂ ਲੱਗੀਆਂ ਰਹੀਆਂ। ਇਸ ਦੌਰਾਨ ਸੁਹਾਗਣਾਂ ਨੇ ਡੁੱਬਦੇ ਸੂਰਜ ਨੂੰ ਅਰਘ ਦੇ ਕੇ ਪੂਜਾ ਕੀਤੀ। ਅੱਜ ਸ਼ਾਮ ਵੱਡੀ ਗਿਣਤੀ ਪਰਵਾਸੀ ਨਹਿਰ ਕੰਢੇ ਪੁੱਜੇ। ਇਸ ਮੌਕੇ ਵੱਖ ਵੱਖ ਥਾਵਾਂ ’ਤੇ ਪੰਡਾਲ ਲਗਾਏ ਗਏ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਕੌਮੀ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਬੀਬੀ ਅਨਿਤਾ ਸੋਮ ਪ੍ਰਕਾਸ਼, ਨਰੇਸ਼ ਭਾਰਦਵਾਜ ਸਮੇਤ ਕਈ ਆਗੂ ਇਸ ਸਮਾਰੋਹ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਨੇ ਪਰਵਾਸੀ ਭਰਾਵਾਂ ਤੇ ਭੈਣਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ।