ਪੱਤਰ ਪ੍ਰੇਰਕ
ਅੰਮ੍ਰਿਤਸਰ, 2 ਜੁਲਾਈ
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਪਹਿਲੀ ਜੁਲਾਈ ਤੋਂ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਵਸਤਾਂ ’ਤੇ ਪਾਬੰਦੀ ਦੇ ਹੁਕਮਾਂ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਐਕਸੀਅਨ ਪ੍ਰਦੂਸ਼ਣ ਕੰਟਰੋਲ ਸ੍ਰੀ ਹਰਪਾਲ ਸਿੰਘ ਨੇ ਪਲਾਸਟਿਕ ਉਤਪਾਦਕ ਐਸੋਸੀਏਸ਼ਨ ਅਤੇ ਪਲਾਸਟਿਕ ਦਾਣਾ ਉਤਪਾਦਕਾਂ ਨਾਲ ਮੀਟਿੰਗ ਮਗਰੋਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਹੋਇਆ ਹੈ ਕਿ ਇਸ ਸਬੰਧੀ ਜਨਤਕ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਦੱਸਿਆ ਕਿ ਕੋਈ ਸਨਅਤ, ਵਪਾਰਕ ਅਦਾਰਾ, ਦੁਕਾਨਾਂ ਆਦਿ ਵੱਲੋਂ ‘ਸਿੰਗਲ ਯੂਜ਼ ਪਲਾਸਟਿਕ’ ਦਾ ਨਿਰਮਾਣ, ਆਯਾਤ, ਭੰਡਾਰ, ਵਿਤਰਣ, ਵਿਕਰੀ ਅਤੇ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।