ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਅਕਤੂਬਰ
ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲੀਸ ਵਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਰੋਡ ਮਾਰਚ ਕੀਤਾ ਗਿਆ ਹੈ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਨੂੰ ਦੇਖਦੇ ਹਨ ਤਾਂ ਇਸ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ। ਇਸ ਮੁਹਿੰਮ ਤਹਿਤ ਏਸੀਪੀ ਸਵਰਨਜੀਤ ਸਿੰਘ ਵਲੋਂ ਥਾਣਾ ਵੱਲਾ, ਮੋਹਕਮਪੁਰਾ ਅਤੇ ਏ ਡਿਵੀਜਨ ਦੀ ਪੁਲੀਸ ਦੇ ਨਾਲ ਬੱਸ ਸਟੈਂਡ ਅਤੇ ਹੋਰ ਇਲਾਕਿਆਂ ਵਿੱਚ ਮਾਰਚ ਕੀਤਾ ਗਿਆ। ਏਡੀਸੀਪੀ ਸਿਟੀ ਹਰਜੀਤ ਸਿੰਘ ਧਾਲੀਵਾਲ , ਏਸੀਪੀ ਸੰਜੀਵ ਕੁਮਾਰ ਵਲੋਂ ਥਾਣਾ ਈ ਡਿਵੀਜਨ, ਸੀ ਡਿਵੀਜਨ, ਗੇਟ ਹਕੀਮਾਂ ਦੇ ਐੱਸਐੱਚਓ ਅਤੇ ਹੋਰ ਪੁਲੀਸ ਬਲ ਨਾਲ ਹੈਰੀਟੇਜ ਸਟਰੀਟ, ਕਟੜਾ ਜੈਮਲ ਸਿੰਘ ਤੇ ਹੋਰ ਬਜ਼ਾਰਾਂ ਵਿਚ ਮਾਰਚ ਕੀਤਾ। ਏਸੀਪੀ ਉਤਰੀ ਸਰਬਜੀਤ ਸਿੰਘ ਵਲੋਂ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਅਤੇ ਪੁਲੀਸ ਬਲ ਸਮੇਤ ਨਾਵਲਟੀ ਚੌਕ ਤੋਂ ਨਾਲ ਲੱਗਦੇ ਇਲਾਕਿਆਂ ਵਿੱਚ ਮਾਰਚ ਕੀਤਾ ਗਿਆ।
ਰਾਮਲੀਲਾ ਮੌਕੇ ਗੋਲੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਛੇਹਰਟਾ ਦੀ ਭੱਲਾ ਕਲੋਨੀ ਦੀ ਪਾਰਕ ਨੰਬਰ ਦੋ ਵਿੱਚ ਚੱਲ ਰਹੀ ਰਾਮ ਲੀਲਾ ਦੌਰਾਨ ਕੁੱਝ ਵਿਅਕਤੀਆਂ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਲੜਕੀਆਂ ਖਿਲਾਫ ਅਪਸ਼ਬਦ ਵਰਤਣ ਅਤੇ ਰੋਕੇ ਜਾਣ ’ਤੇ ਹਵਾ ਵਿੱਚ ਗੋਲੀ ਚਲਾਈ ਗਈ। ਪੁਲੀਸ ਨੇ ਇਸ ਮਾਮਲੇ ਵਿਚ ਛੇਹਰਟਾ ਥਾਣੇ ਵਿੱਚ ਕੇਸ ਦਰਜ ਕੀਤਾ ਅਤੇ ਲਗਪਗ ਦੋ ਦਰਜਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਡਰਾਮੈਟਿਕ ਕਲੱਬ ਸ੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਅਤੇ ਵਾਰਡ ਨੰਬਰ 81 ਤੋਂ ਕੌਂਸਲਰ ਸੁਨੀਤਾ ਸ਼ਰਮਾ ਦੇ ਪਤੀ ਸਤੀਸ਼ ਕੁਮਾਰ ਬੱਲੂ ਨੇ ਇਸ ਸਬੰਧ ਵਿੱਚ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ਵਿਚ ਜਿਨਾਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ, ਉਨਾਂ ਵਿੱਚ ਵਿਸ਼ਾਲ, ਅਭਿਸ਼ੇਕ ਉਰਫ ਭਿੰਡੀ, ਮਲਕੀਤ ਸਿੰਘ, ਜਗਦੀਪ ਸਿੰਘ ਉਰਫ ਔਲਖ , ਕਾਕੂ, ਅਮੂ, ਸੰਜੈ ਅਤੇ ਇਨ੍ਹਾਂ ਤੋਂ ਇਲਾਵਾ ਲੱਗਪਗ 15 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਖਿਲਾਫ਼ ਆਈਪੀਸੀ ਦੀ ਧਾਰਾ 336, 148, 149 ਅਤੇ ਅਸਲਾ ਐਕਟ ਦੀ ਧਾਰਾ 25, 54, 59 ਹੇਠ ਕੇਸ ਦਰਜ ਕੀਤਾ ਹੈ।