ਅੰਮਿ੍ਰਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਦੇ ਪਸਾਰੇ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਰਾਤ ਦਾ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਦੀ ਥਾਂ ਹੁਣ ਅੱਜ ਤੋਂ ਰਾਤ 9 ਵਜੇ ਸ਼ੁਰੂ ਹੋਵੇਗਾ ਅਤੇ ਸਵੇਰ 5 ਵਜੇ ਤਕ ਜਾਰੀ ਰਹੇਗਾ। ਇਹ ਖੁਲਾਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤਾ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੇ ਆਦੇਸ਼ ਜਾਰੀ ਕੀਤੇ ਹਨ ਕਿ ਜਿਨ੍ਹਾਂ 9 ਜ਼ਿਲਿਆਂ ਵਿਚ ਕਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਵਧ ਰਹੀ ਹੈ ਅਤੇ ਮੌਤ ਦਰ ਵਧ ਰਹੀ ਹੈ, ਉਥੇ ਸਖਤੀ ਕੀਤੀ ਜਾਵੇ, ਜਿਸ ਤਹਿਤ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਇਆ ਜਾਵੇ। ਇਨ੍ਹਾਂ ਜ਼ਿਲਿਆਂ ਵਿਚ ਅੰਮ੍ਰਿਤਸਰ ਜ਼ਿਲਾ ਵੀ ਸ਼ਾਮਲ ਹੈ। ਇਨਾਂ ਆਦੇਸ਼ਾਂ ਤਹਿਤ ਅੱਜ ਰਾਤ ਤੋਂ ਕਰਫਿਊ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਹੋਵੇਗਾ। ਲੇਕਿਨ ਇਸ ਦੌਰਾਨ ਹਵਾਈ ਮਾਰਗ, ਰੇਲ ਮਾਰਗ ਅਤੇ ਬੱਸਾਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੂਆਂ, ਐਮਰਜੈਂਸੀ ਸੇਵਾਵਾਂ, ਦੁਧ ਤੇ ਸਬਜ਼ੀ ਦਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਇਸ ਵਿਚ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਆਦੇਸ਼ ਤਹਿਤ ਰਾਤ ਨੂੰ ਹੋਟਲ, ਰੈਸਟੋਰੈਂਟ ਅਤੇ ਹੋਰ ਥਾਵਾਂ ’ਤੇ ਪਾਰਟੀਆਂ ਆਦਿ ਨਹੀਂ ਹੋ ਸਕਣਗੀਆਂ।