ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਸਤੰਬਰ
ਸ਼ਹਿਰ ਵਿੱਚ ਪੁਰਾਣੇ ਪਿੱਪਲ ਤੇ ਬੋਹੜ ਆਦਿ ਦਰੱਖਤਾਂ ਨੂੰ ਬਚਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਦਰੱਖਤਾਂ ਦਾ ਅੰਕੜਾ ਬੈਂਕ ਤਿਆਰ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਬੇਲੋੜੀ ਕਟਾਈ ਤੋਂ ਬਚਾਇਆ ਜਾ ਸਕੇ। ਇਸ ਤੋ ਇਲਾਵਾ ਸ਼ਹਿਰ ਵਿੱਚ ਖਾਲੀ ਥਾਂਵਾ ’ਤੇ ਛੋਟੇ ਜੰਗਲ ਲਾਉਣ ਦੀ ਯੋਜਨਾ ਬਣਾਈ ਹੈ। ਇਸ ਸਬੰਧ ਵਿੱਚ ਅੱਜ ਵਾਤਾਵਰਣ ਕਮੇਟੀ ਦੀ ਇੱਕ ਮੀਟਿੰਗ ਹੋਈ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਹਿਰ ਵਿੱਚ ਲੱਗੇ ਪੁਰਾਣੇ ਦਰੱਖ਼ਤ, ਜਿੰਨ੍ਹਾਂ ਵਿੱਚ ਵੱਡੀ ਗਿਣਤੀ ਬੋਹੜ ਅਤੇ ਪਿਪਲ ਵਰਗੇ ਪੁਰਾਤਨ ਦਰੱਖਤਾਂ ਦੀ ਹੈ, ਦਾ ਅੰਕੜਾ ਬੈਂਕ ਤਿਆਰ ਕਰਨ ਦੀ ਹਦਾਇਤ ਕਮੇਟੀ ਮੈਂਬਰਾਂ ਨੂੰ ਕੀਤੀ।
ਉਨ੍ਹਾਂ ਕਿਹਾ ਕਿ ਅਜਿਹੇ ਪੁਰਾਣੇ ਦਰੱਖਤਾਂ ਦਾ ਅੰਕੜਾ ਬੈਂਕ ਤਿਆਰ ਹੋਣ ਮਗਰੋਂ ਅਜਿਹੇ ਦਰੱਖਤਾਂ ਦੇ ਨੇੜੇ ਇਨ੍ਹਾਂ ਨੂੰ ਕੱਟਣ ਦੀ ਮਨਾਹੀ ਜਾਂ ਚੇਤਾਵਨੀ ਆਦਿ ਦੇ ਬੋਰਡ ਲਗਾ ਕੇ ਆਮ ਲੋਕਾਂ ਨੂੰ ਸੂਚਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਦਰੱਖਤਾਂ ਨੂੰ ਬਚਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਕਮੇਟੀ ਮੈਂਬਰਾਂ ਦੇ ਸੁਝਾਅ ਮੁਤਾਬਕ ਸ਼ਹਿਰ ਦੀਆਂ ਖਾਲੀ ਥਾਵਾਂ, ਜਿੰਨ੍ਹਾਂ ਵਿੱਚ ਸਕੂਲਾਂ ਤੇ ਕਾਲਜਾਂ ਦੇ ਮੈਦਾਨ, ਫੋਕਲ ਪੁਆਇੰਟ ਅਤੇ ਪੰਜਾਬ ਸਟੇਟ ਇੰਡਸਟਰੀ ਕਾਰਪੋਰੇਸ਼ਨ ਦੀਆਂ ਥਾਵਾਂ ਸ਼ਾਮਲ ਹਨ, ਉਤੇ ਛੋਟੇ ਜੰਗਲ ਤਿਆਰ ਕਰਨ ਦਾ ਫੈਸਲਾ ਲਿਆ।
ਵਾਤਾਵਰਣ ਪ੍ਰਤੀ ਆਮ ਸ਼ਹਿਰੀਆਂ ਦਾ ਧਿਆਨ ਖਿੱਚਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹਵਾ ਦੀ ਸ਼ੁੱਧਤਾ ਦਰਸਾਉਂਦਾ ਵੱਡਾ ਸਾਈਨ ਬੋਰਡ ਲਗਾਉਣ ਦੀ ਹਦਾਇਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਸਿੰਜਾਈ ਵਿਭਾਗ ਦੇ ਪੁਰਾਣੇ ਦਫਤਰ ਵਿਚ ਲੱਗੇ ਦਰਖਤ, ਜੋ ਇਸ ਸਥਾਨ ਦੀ ਨਵੀਂ ਯੋਜਨਾਬੰਦੀ ਲਈ ਕੱਟੇ ਜਾ ਸਕਦੇ ਹਨ, ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਜਾਂ ਹੋਰ ਥਾਵਾਂ ਉਤੇ ਤਬਦੀਲ ਕਰਨ ਲਈ ਰਣਨੀਤੀ ਤਿਆਰ ਕਰਨ ਲਈ ਲੈਂਡਸਕੇਪ ਮਾਹਿਰ ਡਾ. ਜੀ ਐੱਸ ਬਿਲਗਾ ਨੂੰ ਕਿਹਾ ਹੈ। ਇਸ ਲਈ ਜਿਲ੍ਹਾ ਪ੍ਰਸ਼ਾਸਨ ਹਰ ਤਰਾਂ ਦੀ ਸਹਾਇਤਾ ਦੇਵੇਗਾ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਅਸੀਸਇੰਦਰ ਸਿੰਘ, ਇੰਜ ਡੀ ਐਸ ਕੋਹਲੀ, ਆਰ ਡੀ ਸ਼ਰਮਾ, ਸ੍ਰੀ ਦੀਪਕ ਬੱਬਰ, ਐਸ ਡੀ ਓ ਅੰਮ੍ਰਿਤਪਾਲ ਸਿੰਘ, ਅਤੇ ਹੋਰ ਪਤਵੰਤੇ ਸ਼ਾਮਲ ਸਨ।