ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਅਪਰੈਲ
ਪਿੰਡ ਸੁਲਤਾਨਵਿੰਡ ਦੇ ਇਲਾਕੇ ਵਿਚ ਇਕ ਕਿਸਾਨ ਵਲੋਂ ਆਪਣੇ ਖੇਤਾਂ ਵਿਚ ਨਾੜ ਨੂੰ ਲਾਈ ਅੱਗ ਕਾਰਨ ਨੇੜਲੇ ਖੇਤਾਂ ਵਿਚ ਫਸਲ ਨੂੰ ਅੱਗ ਲੱਗਣ ਅਤੇ ਫਸਲ ਦਾ ਨੁਕਸਾਨ ਹੋਣ ਦੇ ਮਾਮਲੇ ਵਿਚ ਪੁਲੀਸ ਨੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਹਰਵਿੰਦਰ ਸਿੰਘ ਨੇ ਥਾਣਾ ਸੁਲਤਾਨਵਿੰਡ ਦੀ ਪੁਲੀਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਦੇ ਰਕਬਾ ਮਾਹਲ ਵਿਚ ਇਕ ਵਿਅਕਤੀ ਵਲੋਂ ਆਪਣੇ ਖੇਤ ਵਿਚ ਅੱਗ ਲਾਈ ਗਈ ਸੀ। ਉਸ ਵੇਲੇ ਤੇਜ਼ ਹਵਾ ਕਾਰਨ ਇਹ ਅੱਗ ਉਸ ਦੇ ਖੇਤਾਂ ਵਿਚ ਵੀ ਪੁੱਜ ਗਈ, ਜਿਸ ਨਾਲ ਉਸ ਦੀ ਪੰਜ ਏਕੜ ਰਕਬੇ ਵਿਚ ਲੱਗੀ ਫਸਲ ਸੜ ਕੇ ਤਬਾਹ ਹੋ ਗਈ ਹੈ। ਇਸ ਕਾਰਨ ਨਿਰਵੈਲ ਸਿੰਘ ਅਤੇ ਪ੍ਰੇਮ ਸਿੰਘ ਦੇ ਖੇਤਾਂ ਵਿਚ ਲੱਗੀ ਫਸਲ ਨੂੰ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ ਪਰ ਉਹ ਸਫਲ ਨਹੀਂ ਹੋ ਸਕੇ। ਫਾਇਰ ਬ੍ਰਿਗੇਡ ਵਿਭਾਗ ਵਲੋਂ ਅੱਗ ’ਤੇ ਕਾਬੂ ਪਾਇਆ ਗਿਆ ਪਰ ਉਸ ਵੇਲੇ ਤਕ ਉਸ ਦੇ ਖੇਤਾਂ ਵਿਚ ਲੱਗੀ ਸਾਰੀ ਫਸਲ ਤਬਾਹ ਹੋ ਗਈ ਸੀ। ਪੁਲੀਸ ਨੇ ਇਸ ਮਾਮਲੇ ਵਿਚ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਆਈਪੀਸੀ ਦੀ ਧਾਰਾ 188 ਅਤੇ 427 ਹੇਠ ਨਾਮਜ਼ਦ ਕੀਤਾ ਹੈ। ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ।