ਪੱਤਰ ਪ੍ਰੇਰਕ
ਅੰਮ੍ਰਿਤਸਰ, 20 ਜੁਲਾਈ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਲ ਰੋਡ ਦੀਆਂ ਬਾਸਕਿਟਬਾਲ, ਕਬੱਡੀ, ਜਿਮਨਾਸਟਿਕ, ਨੈੱਟਬਾਲ, ਕੁਸ਼ਤੀ, ਕ੍ਰਿਕੇਟ ਟੀਮਾਂ ਦੀਆਂ ਹੋਣਹਾਰ ਖਿਡਾਰਨਾਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਾਣੀ ਦੀਆਂ ਬੋਤਲਾਂ ਅਤੇ ਸਪੋਰਟਸ ਬੈਗ ਦਿੱਤੇ ਗਏ। ਅੱਜ ਸਵੇਰ ਸਕੂਲ ਦੀ ਸਭਾ ਵਿੱਚ ਪ੍ਰਿੰਸੀਪਲ ਮਨਦੀਪ ਕੌਰ ਨੇ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਕਰਨ ਵਾਲੀਆਂ ਸਕੂਲ ਦੀਆਂ ਖਿਡਾਰਨਾਂ ਨੂੰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੱਲੋਂ ਦਿੱਤੇ ਗਏ ਸਪੋਰਟਸ ਬੈਗ ਅਤੇ ਪਾਣੀ ਦੀਆਂ ਬੋਤਲਾਂ ਵੰਡੀਆਂ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀਆਂ ਖਿਡਾਰਨਾਂ ਵੱਖ-ਵੱਖ ਖੇਡਾਂ ਵਿੱਚ ਸਟੇਟ, ਕੌਮੀ ਤੇ ਕੌਮਾਂਤਰੀ ਪੱਧਰ ਤੱਕ ਖੇਡ ਚੁੱਕੀਆਂ ਹਨ। ਇਸ ਮੌਕੇ ਪ੍ਰਿੰਸੀਪਲ ਮਨਦੀਪ ਕੌਰ ਨੇ ਡਿਪਟੀ ਕਮਿਸ਼ਨਰ ਸਮੇਤ
ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜੁਗਰਾਜ ਸਿੰਘ ਅਤੇ ਡੀ.ਐੱਮ (ਸਪੋਰਟਸ) ਕੁਲਜਿੰਦਰ ਸਿੰਘ ਮੱਲ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਸਪੋਰਟਸ ਅਧਿਆਪਕਾਂ ਅਮਰਜੀਤ ਸਿੰਘ ਕਾਹਲੋਂ, ਬਲਵਿੰਦਰ ਕੌਰ ਅਤੇ ਜਗਪ੍ਰੀਤ ਕੌਰ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।