ਪੱਤਰ ਪ੍ਰੇਰਕ
ਅੰਮ੍ਰਿਤਸਰ, 16 ਅਕਤੂਬਰ
ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਕੀਤੇ ਐਲਾਨ, ਜਿਸ ਵਿੱਚ 2 ਕਿਲੋਵਾਟ ਲੋਡ ਵਾਲੇ ਘਰੇਲੂ ਬਿਜਲੀ ਬਿੱਲਾਂ ਦੇ ਪਿੱਛਲੇ ਸਮੁੱਚੇ ਬਕਾਏ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਸੀ, ਦੀ ਅੱਜ ਸ਼ੁਰੂਆਤ ਹਾਲ ਬਜ਼ਾਰ ਬਿਜਲੀ ਘਰ ਤੋਂ ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਕੀਤੀ। ਉਨ੍ਹਾਂ ਕਿਹਾ ਕਿ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਜਿਨ੍ਹਾਂ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਸਨ, ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਕੈਬਨਿਟ ਨੇ ਗਰੀਬ ਪੱਖੀ ਫੈਸਲਾ ਲਿਆ ਸੀ, ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਅਜਿਹੇ ਡਿਫਾਲਟਰ ਵਿਅਕਤੀਆਂ ਦੇ ਬਕਾਏ ਦੀ ਅਦਾਇਗੀ ਖ਼ੁਦ ਕਰੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਅਜਿਹੇ ਡਿਫਾਲਟਰਾਂ ਦਾ 11000 ਕਰੋੜ ਰੁਪਏ ਦਾ ਬਕਾਇਆ ਮੁਆਫ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਸਿਟੀ ਸਰਕਲ ਵਿੱਚ ਇਹ ਸ਼ੁਰੂਆਤ ਕੀਤੀ ਹੈ, ਉਸਦਾ ਹੀ 50 ਕਰੋੜ ਰੁਪਏ ਦਾ ਬਕਾਇਆ ਮੁਆਫ਼ ਹੋਇਆ ਹੈ, ਜਿਸਦਾ ਲਾਹਾ 45000 ਤੋਂ ਵੱਧ ਲੋਕਾਂ ਨੂੰ ਮਿਲਣਾ ਹੈ। ਉਨ੍ਹਾਂ ਇਸ ਵੱਡੇ ਫੈਸਲੇ ਲਈ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਵੀ ਕੀਤਾ।