ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਅਪਰੈਲ
ਮਿੱਟੀ ਸਤਿਆਗ੍ਰਹਿ ਤਹਿਤ ਅੱਜ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਤੋਂ ਵੀ ਮਿੱਟੀ ਲਈ ਗਈ ਹੈ। ਇਸ ਮਿੱਟੀ ਨੂੰ ਲੈ ਕੇ ਕਾਫਲਾ 6 ਅਪਰੈਲ ਨੂੰ ਦਿੱਲੀ ਲਈ ਰਵਾਨਾ ਹੋਵੇਗਾ। ਇਹ ਮਿੱਟੀ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਬਣਨ ਵਾਲੇ ਸਮਾਰਕ ਵਿਚ ਸ਼ਾਮਲ ਕੀਤੀ ਜਾਵੇਗੀ। ਇਸ ਸਬੰਧ ਵਿਚ ਸ਼ਹੀਦੀ ਅਸਥਾਨ ਕਾਲਿਆਂਵਾਲਾ ਖੂਹ ਅਤੇ ਗੁਰੂ ਕਾ ਬਾਗ ਤੋਂ ਵੀ ਮਿੱਟੀ ਇਕੱਤਰ ਕੀਤੀ ਗਈ ਹੈ। ਅੱਜ ਇਸ ਸਬੰਧੀ ਜਲਿਆਂਵਾਲਾ ਬਾਗ ਪੁੱਜੇ ਕਾਫਲੇ ਵਿਚ ਫੋਕਲੋਰ ਰਿਸਰਚ ਅਕੈਡਮੀ , ਪ੍ਰਗਤੀਸ਼ੀਲ ਲੇਖਕ ਸੰਘ ਅਤੇ ਕਿਰਤੀ ਕਿਸਾਨ ਯੂਨੀਅਨ ਆਦਿ ਦੇ ਨੁਮਾਇੰਦੇ ਸ਼ਾਮਲ ਸਨ, ਜਿਨਾਂ ਵਿਚ ਰਮੇਸ਼ ਯਾਦਵ, ਵਿਜੇ ਮਿਸ਼ਰਾ, ਭੁਪਿੰਦਰ ਸਿੰਘ ਸੰਧੂ, ਕਮਲ ਗਿੱਲ, ਸੁਖਦੇਵ ਰਾਜ ਕਾਲੀਆ, ਹੁਸਿਆਰ ਸਿੰਘ ਝੰਡੇਰ, ਦਵਿੰਦਰ ਸਿੰਘ ਸ਼ਾਮਲ ਸਨ। ਸ੍ਰੀ ਯਾਦਵ ਨੇ ਦੱਸਿਆ ਕਿ ਵੱਖ ਵੱਖ ਇਤਿਹਾਸਕ ਸ਼ਹੀਦੀ ਅਸਥਾਨਾਂ ਤੋਂ ਇਕੱਤਰ ਕੀਤੀ ਇਹ ਮਿੱਟੀ ਸਵੇਰੇ ਦਿੱਲੀ ਲੈ ਕੇ ਰਵਾਨਾ ਹੋਣਗੇ, ਜਿਥੇ ਹੋਰਨਾਂ ਥਾਵਾਂ ਤੋਂ ਵੀ ਸ਼ਹੀਦੀ ਅਸਥਾਨਾਂ ਤੋਂ ਮਿਟੀ ਲੈ ਕੇ ਚੱਲੇ ਕਾਫਲੇ ਪੁੱਜਣਗੇ। ਦੇਸ਼ ਭਰ ਦੇ ਸ਼ਹੀਦੀ ਅਸਥਾਨਾਂ ਤੋਂ ਇਕੱਠੀ ਕੀਤੀ ਇਹ ਮਿੱਟੀ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਬਣਨ ਵਾਲੇ ਸਮਾਰਕ ਵਿਚ ਸ਼ਾਮਲ ਕੀਤੀ ਜਾਵੇਗੀ।
ਜੱਲ੍ਹਿਆਂਵਾਲਾ ਬਾਗ ਕਾਂਡ ਦੀ ਬਰਸੀ ਮਨਾਉਣ ਦੀ ਅਪੀਲ
ਬਲਾਚੌਰ (ਪੱਤਰ ਪ੍ਰੇਰਕ): ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਸੂਬਾਈ ਆਗੂਆਂ ਨੇ ਰਾਜ ਭਰ ਦੀਆਂ ਸੀਟੂ ਨਾਲ ਸਬੰਧਤ ਇਕਾਈਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਹਰ ਅਦਾਰੇ ਦੇ ਵਰਕਰਾਂ ਅਤੇ ਕਰਮਚਾਰੀਆਂ ਵਲੋਂ 13 ਅਪਰੈਲ 1919 ਦੇ ਜਾਲਮਾਨਾ ਜੱਲ੍ਹਿਆਂਵਾਲਾ ਕਾਂਡ ਦੀ ਬਰਸੀ ਮਨਾਉਣ ਅਤੇ ਸਾਮਰਾਜੀ ਸਰਕਾਰ ਦੇ ਜ਼ੁਲਮ ਨੂੰ ਨੰਗਾ ਕਰਨ। ਉਨ੍ਹਾਂ ਆਪਣੇ ਸਾਰੇ ਆਗੂਆਂ, ਕਾਰਕੁਨਾਂ ਨੂੰ ਨਿਰਦੇਸ ਦਿੱਤਾ ਹੈ ਕਿ ਅੰਗਰੇਜ਼ਾਂ ਵੱਲੋਂ ਕੀਤੇ ਗਏ ਇਸ ਖੂਨੀ ਕਾਂਡ ਵਿਰੁੱਧ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇ। ਸੀਟੂ ਦੀ ਕੁੱਲ ਹਿੰਦ ਸਕੱਤਰ ਭੈਣ ਊਸ਼ਾ ਰਾਣੀ, ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ, ਜਨਰਲ ਸਕੱਤਰ ਚੰਦਰ ਸ਼ੇਖਰ ਅਤੇ ਖਜ਼ਾਨਚੀ ਸੁੱਚਾ ਸਿੰਘ ਅਜਨਾਲਾ ਨੇ ਸਾਂਝੇ ਤੌਰ ’ਤੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਮਨਾਉਣ ਦੀ ਵੀ ਅਪੀਲ ਕੀਤੀ ਹੈ।