ਪੱਤਰ ਪ੍ਰੇਰਕ
ਅੰਮ੍ਰਿਤਸਰ, 9 ਮਈ
ਪਾਵਰਕੌਮ ਦੇ ਇੰਜਨੀਅਰ ਸੋਹਣਾ ਸਿੰਘ ਤੇ ਮੋਹਣਾ ਸਿੰਘ ਦੀ ਬਦਲੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਨ੍ਹਾਂ ਦੀ ਮੰਗ ’ਤੇ ਮਾਨਾਂਵਾਲਾ ਬਿਜਲੀ ਦਫ਼ਤਰ ਵਿੱਚ ਕਰ ਦਿੱਤੀ ਹੈ। ਦੋਵੇਂ ਇਸ ਵੇਲੇ ਅੰਮ੍ਰਿਤਸਰ ਦੀ ਪਾਵਰ ਕਲੋਨੀ ਵਿੱਚ ਆਰਟੀਐੱਮ ਦੇ ਅਹੁਦੇ ਉਤੇ ਤਾਇਨਾਤ ਹਨ ਅਤੇ ਅਜੇ ਵੀ ਪਿੰਗਲਵਾੜਾ ਦੇ ਮਾਨਾਂਵਾਲਾ ਸਥਿਤ ਕੈਂਪਸ ਵਿੱਚ ਰਹਿੰਦੇ ਹਨ। ਅੱਜ ਦੋਵੇਂ ਭਰਾ ਹਰਭਜਨ ਸਿੰਘ ਈਟੀਓ ਨੂੰ ਉਨ੍ਹਾਂ ਦੀ ਰਿਹਾਇਸ਼ ਉਤੇ ਮਿਲੇ ਅਤੇ ਮਾਨਾਂਵਾਲਾ ਤੋਂ ਮਜੀਠਾ ਰੋਡ ਦਫਤਰ ਦੀ ਦੂਰੀ ਦੱਸ ਕੇ ਆਉਣ ਜਾਣ ਦੀ ਤਕਲੀਫ ਦਾ ਜ਼ਿਕਰ ਕੀਤਾ। ਕੈਬਨਿਟ ਮੰਤਰੀ ਨੇ ਉਨ੍ਹਾਂ ਦੀ ਜਾਇਜ਼ ਮੰਗ ਸੁਣਦੇ ਹੋਏ ਪਟਿਆਲਾ ਸਥਿਤ ਪਾਵਰਕੌਮ ਦੇ ਮੁੱਖ ਦਫਤਰ ਨਾਲ ਰਾਬਤਾ ਕੀਤਾ ਅਤੇ ਤੁਰੰਤ ਦੋਵੇਂ ਭਰਾਵਾਂ ਦੀ ਬਦਲੀ ਮਾਨਾਂਵਾਲਾ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਰਟੀਐਮ ਤੋਂ ਐੱਸਐੱਸਏ ਲਗਾਉਣ ਦੀ ਹਦਾਇਤ ਵੀ ਕੀਤੀ। ਇਸ ’ਤੇ ਕਾਰਵਾਈ ਕਰਦਿਆਂ ਵਿਭਾਗ ਨੇ ਸੋਹਣਾ ਤੇ ਮੋਹਣਾ ਨੂੰ ਮਾਨਾਂਵਾਲਾ ਬਿਜਲੀ ਦਫਤਰ ਵਿੱਚ ਐੱਸਐੱਸਏ ਵਜੋਂ ਤਾਇਨਾਤ ਕਰ ਦਿੱਤਾ ਹੈ।