ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਅਕਤੂਬਰ
ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਪੁਲੀਸ ਕਾਰਵਾਈ ਅਤੇ ਸਮੁੱਚੀ ਜਾਂਚ ਰਿਪੋਰਟ ਜਨਤਕ ਕਰਵਾਉਣ ਅੱਜ ਸਿੱਖ ਬੀਬੀਆਂ ਦੇ ਇੱਕ ਜਥੇ ਨੇ ਮੰਜੀ ਸਾਹਿਬ ਦੀਵਾਨ ਹਾਲ ਕੋਲੋਂ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਤਕ ਮਾਰਚ ਕੀਤਾ ਹੈ ਅਤੇ ਇਸ ਸਬੰਧੀ ਇਕ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਿਆ ਹੈ।
ਬੀਬੀਆਂ ਨੇ ਆਪਣੀ ਮੰਗ ਸਬੰਧੀ ਕਾਲੇ ਰੰਗ ਦੀਆਂ ਤਖਤੀਆਂ ਅਤੇ ਬੈਨਰ ਚੁੱਕੇ ਹੋਏ ਸਨ। ਇਹ ਬੀਬੀਆਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨੇੜੇ ਚੱਲ ਰਹੇ ਮੋਰਚੇ ਵਾਲੀ ਥਾਂ ’ਤੇ ਇਕੱਠੀਆਂ ਹੋਈਆਂ ਅਤੇ ਉਥੋਂ ਸ੍ਰੀ ਅਕਾਲ ਤਖਤ ਦੇ ਸਕੱਤਰੇਤਕ ਤਕ ਮਾਰਚ ਕੀਤਾ। ਸਿੱਖ ਬੀਬੀਆਂ ਨੇ ਦੋਸ਼ ਲਾਇਆ ਕਿ ਸ਼੍ਰ੍ਰੋਮਣੀ ਕਮੇਟੀ ਵੱਲੋਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਹੁਣ ਤਕ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਦੇ ਕੁਝ ਪੰਨੇ ਜਨਤਕ ਕੀਤੇ ਗਏ ਹਨ, ਜਿਨ੍ਹਾਂ ਵਿੱਚ 15 ਦੋੋਸ਼ੀਆਂ ਦਾ ਜ਼ਿਕਰ ਹੈ। ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਪੁਲੀਸ ਕਾਰਵਾਈ ਹੁਣ ਤਕ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ 328 ਪਾਵਨ ਸਰੂਪ ਲਾਪਤਾ ਹਨ। ਇਨ੍ਹਾਂ ਤੋਂ ਇਲਾਵਾ 450 ਸਰੂਪਾਂ ਦੀ ਕੈਨੇਡਾ ਵਿੱਚ ਬੇਅਦਬੀ ਹੋਈ ਹੈ। ਸਮੁੰਦਰ ਰਸਤੇ ਭੇਜੇ ਇਹ ਸਰੂਪ ਕਈ ਦਿਨ ਉਥੇ ਹੀ ਪਏ ਰਹੇ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਇਸ ਮਾਮਲੇ ਵਿਚ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਾਉਣ। ਇਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ ਅਤੇ ਫੌਜਦਾਰੀ ਕੇਸ ਦਰਜ ਕਰਾਏ ਜਾਣ। ਇਸ ਤੋਂ ਇਲਾਵਾ 1100 ਪੰਨਿਆਂ ਦੀ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਬੰਧੀ ਕੋਈ ਕਾਰਵਾਈ ਨਾ ਹੋਈ ਤਾਂ ਬੀਬੀਆਂ ਵੱਲੋਂ ਸ੍ਰੀ ਅਕਾਲ ਤਖਤ ਦੇ ਸਕੱੱਤਰੇਤ ਦੇ ਬਾਹਰ ਧਰਨਾ ਦਿੱਤਾ ਜਾਵੇਗਾ।