ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਅਕਤੂਬਰ
ਇਥੇ ਇਕ ਏਐਸਆਈ ਦੀ ਸਰਕਾਰੀ ਰਿਵਾਲਵਰ ’ਚੋਂ ਗੋਲੀ ਚੱਲ ਗਈ, ਜਿਸ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਸਥਾਨਕ ਰੇਲਵੇ ਰੋਡ ’ਤੇ ਲਬਿਰਟੀ ਮਾਰਕੀਟ ਵਿੱਚ ਮੋਬਾਈਲ ਦੀ ਦੁਕਾਨ ’ਤੇ ਕੰਮ ਕਰਦਾ ਹੈ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਹੈ। ਪੁਲੀਸ ਮੁਲਾਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਏਐਸਆਈ ਰੇਲਵੇ ਰੋਡ ਸਥਿਤ ਮੋਬਾਈਲ ਦੀ ਦੁਕਾਨ ’ਤੇ ਗਿਆ ਸੀ। ਇਥੇ ਉਹ ਮੋਬਾਈਲ ਦੇਖ ਰਿਹਾ ਸੀ ਕਿ ਇਸ ਦੌਰਾਨ ਦੁਕਾਨ ਦੇ ਕਰਮਚਾਰੀਆਂ ਨੇ ਉਸ ਕੋਲੋਂ ਰਿਵਾਲਵਰ ਦੇਖਣ ਲਈ ਮੰਗਿਆ। ਰਿਵਾਲਵਰ ਦੇਖਦਿਆਂ ਅਚਾਨਕ ਗੋਲੀ ਚੱਲ ਗਈ ਅਤੇ ਦੁਕਾਨ ਦੇ ਕਰਮਚਾਰੀ ਦੀ ਛਾਤੀ ਵਿੱਚ ਲੱਗੀ ਹੈ ਤੇ ਉਹ ਜ਼ਖ਼ਮੀ ਹੋ ਗਿਆ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਬੰਧਤ ਏਐਸਆਈ ਲਾਰੰਸ ਰੋਡ ਚੌਕੀ ਵਿਚ ਤਾਇਨਾਤ ਹੈ।
ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਹਾਲਤ ਨਾਜ਼ੁਕ
ਆਦਮਪੁਰ ਦੋਆਬਾ (ਜਲੰਧਰ): ਇਥੇ ਕਰੋਲ ਬਾਗ ਸਥਿਤ ਰਿਹਾਇਸ਼ ’ਤੇ ਇਕ ਨੌਜਵਾਨ ਨੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੀ ਪਛਾਣ ਸੁਪਰਨਾ ਸ਼ਰਮਾ ਉਰਫ ਸੈਂਡੀ ਵਜੋਂ ਹੋਈ ਹੈ, ਜੋ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹੈ। ਸੈਂਡੀ ਦੇ ਮਾਪਿਆਂ ਨੇ ਦੱਸਿਆ ਕਿ ਉਹ ਆਪਣੇ ਕਮਰੇ ਵਿੱਚ ਸਨ ਕਿ ਉਨ੍ਹਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਉਹ ਤੁਰਤ ਭੱਜ ਕੇ ਸੈਂਡੀ ਦੇ ਕਮਰੇ ’ਚ ਗਏ ਜਿਥੇ ਉਹ ਖੂਨ ਨਾਲ ਲੱਥਪੱਥ ਪਿਆ ਸੀ। ਉਹ ਤੁਰਤ ਉਸ ਨੂੰ ਨਿਜੀ ਹਸਪਤਾਲ ਵਿੱਚ ਲੈ ਗਏ ਜਿਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ, ਜਿਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।