ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਜੂਨ
ਬੀਤੀ ਰਾਤ ਇਥੇ ਇਸਲਾਮਾਬਾਦ ਇਲਾਕੇ ਵਿੱਚ ਸੋਨੀ ਸੈਲੰਡਰ ਨਾਂ ਦੇ ਇਕ ਵਿਅਕਤੀ ਨੇ ਮੁਨੀਸ਼ ਨਾਂ ਦੇ ਨੌਜਵਾਨ ’ਤੇ ਗੋਲੀ ਚਲਾ ਦਿੱਤੀ। ਭਾਵੇਂ ਇਸ ਘਟਨਾ ਵਿੱਚ ਇਸ ਵਿਅਕਤੀ ਦਾ ਬਚਾਅ ਹੋ ਗਿਆ ਪਰ ਲੋਕਾਂ ਵਿੱਚ ਸਹਿਮ ਬਣਿਆ ਹੋਇਆ ਹੈ। ਮੁਨੀਸ਼ ਦੀ ਰਿਸ਼ਤੇਦਾਰ ਮਮਤਾ ਨੇ ਦੱਸਿਆ ਕਿ ਬੀਤੀ ਰਾਤ ਮਨੀਸ਼ ਆਪਣੇ ਦੋਸਤਾਂ ਨਾਲ ਘਰ ਮੁੜ ਰਿਹਾ ਸੀ ਤੇ ਇਸਲਾਮਾਬਾਦ ਰੇਲਵੇ ਫਾਟਕ ਨੇੜੇ ਸੋਨੂੰ ਸੈਲੰਡਰ ਨੇ ਇਸ ਉਪਰ ਗੋਲੀਆਂ ਚਲਾ ਦਿੱਤੀਆਂ। ਘਟਨਾ ਮਗਰੋਂ ਉਹ ਮੌਕੇ ਤੋਂ ਫਰਾਰ ਹੋ ਗਿਆ। ਜੀਆਰਪੀ ਦੇ ਐੱਸਐੱਚਓ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਸੋਨੂੰ ਤੇ ਮੁਨੀਸ਼ ਵਿਚਾਲੇ ਪੁਰਾਣੀ ਰੰਜਿਸ਼ ਹੈ, ਜਿਸ ਕਾਰਨ ਇਹ ਗੋਲੀ ਚਲਾਉਣ ਦੀ ਘਟਨਾ ਵਾਪਰੀ ਹੈ। ਇਸ ਸਬੰਧ ’ਚ ਜੀਆਰਪੀ ਵੱਲੋਂ ਧਾਰਾ 336 ਅਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇ ਮਾਰ ਰਹੀ ਹੈ।
ਇਸ ਦੌਰਾਨ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਇਲਾਕੇ ਹੇਠ ਆਉਂਦੇ ਪਿੰਡ ਤਲਵੰਡੀ ਘੁੰਮਣ ਨੇੜੇ ਦੋ ਅਣਪਛਾਤੇ ਵਿਅਕਤੀਆਂ ਨੇ ਪੁਲੀਸ ਦੇ ਏਐੱਸਆਈ ਸਤਨਾਮ ਸਿੰਘ ’ਤੇ ਗੋਲੀ ਚਲਾ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਲੁਟੇਰਿਆਂ ਨੇ ਉਸ ਕੋਲੋਂ ਉਸਦਾ ਪਰਸ ਖੋਹਣ ਦਾ ਯਤਨ ਕੀਤਾ ਤੇ ਉਸਨੇ ਵਿਰੋਧ ਕੀਤਾ। ਉਸਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ। ਪੁਲੀਸ ਨੇ ਧਾਰਾ 392, 397 ਤੇ ਅਸਲਾ ਐਕਟ ਦੀ ਧਾਰਾ ਹੇਠ ਕੇਸ ਦਰਜ ਕੀਤਾ ਹੈ।