ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਮਾਰਚ
ਸਾਲ 2021-22 ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(ਅੰਮ੍ਰਿਤਸਰ) ਵੱਲੋਂ ਬਜਟ ਸਮਾਗਮ 30 ਮਾਰਚ ਨੂੰ ਸੱਦਿਆ ਗਿਆ ਹੈ। ਇਹ ਫ਼ੈਸਲਾ ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ 11 ਅਤੇ 13 ਮਾਰਚ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਰੱਖੀਆਂ ਮੀਟਿੰਗਾਂ ਦੌਰਾਨ ਬਜਟ ਸਬੰਧੀ ਸੁਝਾਅ ਵੀ ਲਏ ਜਾਣਗੇ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਗਰਮੀਆਂ ਦੀ ਰੁੱਤ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਵਿਖੇ ਕਿਸਾਨਾਂ ਵਾਸਤੇ ਟੀਨਾ ਦੇ ਆਰਜ਼ੀ ਸ਼ੈੱਡ ਬਣਾਏ ਜਾਣਗੇ ਅਤੇ ਪੱਖੇ ਲਾਏ ਜਾਣਗੇ। ਉਨ੍ਹਾਂ ਦਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਮਾਗਮ ਬੰਗਲਾਦੇਸ਼ ਵਿੱਚ ਵੀ ਕੀਤੇ ਜਾਣਗੇ।